ਸ਼ਾਹਕੋਟ (ਗਿਆਨ ਸੈਦਪੁਰੀ)
ਮੋਹਵੰਤੇ ਤੇ ਸੁਹਜਵੰਤੇ ਸ਼ਾਇਰ ਡਾਕਟਰ ਸੁਰਜੀਤ ਪਾਤਰ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਭਵਨ ਬਰਨਾਲਾ ਵਿੱਚ ਕੀਤਾ ਗਿਆ ਵੱਖਰਾ ਨਿਆਰਾ ਸਮਾਗਮ ਜਿੱਥੇ ਉਨ੍ਹਾ ਦੀ ਸ਼ਾਇਰੀ ਦੇ ਸਾਰੇ ਰੰਗ ਬਖੇਰ ਗਿਆ, ਉੱਥੇ ਸਰੋਤਿਆਂ ਦੇ ਦਿਲੋ-ਦਿਮਾਗ ਨੂੰ ਊਰਜਿਤ ਕਰਦਿਆਂ ਜ਼ਿੰਦਗੀ ਦੇ ਸਾਊ ਪੁੱਤ ਬਣਨ ਲਈ ਵੰਗਾਰ ਵੀ ਪਾ ਗਿਆ। ਗੀਤ ਵਰਗੇ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਉਨ੍ਹਾ ਦੇ ਪੁੱਤਰ ਮਨਰਾਜ ਪਾਤਰ ਤੇ ਛੋਟੇ ਭਰਾਤਾ ਉਪਕਾਰ ਸਿੰਘ ਨੇ ਪੁਰਸੋਜ਼ ਆਵਾਜ਼ ਦਿੱਤੀ ਤਾਂ ਬਾਹਰ ਹੁੰਦੀ ਕਿਣਮਿਣ ਦੌਰਾਨ ਭਵਨ ਦੇ ਅੰਦਰ ਬੈਠੇ ਸਰੋਤੇ ਸ਼ਾਇਰੀ ਤੇ ਸੰਗੀਤ ਦੀ ਬਰਸਾਤ ਵਿੱਚ ਭਿੱਜਦੇ ਵੀ ਰਹੇ ਤੇ ਮਨਾਂ ਅੰਦਰ ਚੱਲਦੀਆਂ ਫੁੱਲਝੜੀਆਂ ਦੀ ਰੌਸ਼ਨੀ ਤੇ ਨਿੱਘ ਵੀ ਮਾਣਦੇ ਰਹੇ।
‘ਗੁਰਸ਼ਰਨ ਸਿੰਘ ਲੋਕ ਕਲਾ ਕਾਫਲਾ’ ਵੱਲੋਂ ਕਰਵਾਏ ਇਸ ਸਮਾਗਮ ਦੇ ਸ਼ੁਰੂ ਵਿੱਚ ਕਾਫਲੇ ਦੇ ਮੋਹਰੀ ਕਾਰਕੁਨ ਅਮਲੋਕ ਸਿੰਘ ਨੇ ਮਖਮਲੀ ਤੇ ਬੁਲੰਦ ਆਵਾਜ਼ ਨੂੰ ਸਲਾਮ ਕਰਦਿਆਂ ਸਮਾਗਮ ਦੀ ਰੂਪ-ਰੇਖਾ ਸਰੋਤਿਆਂ ਦੇ ਸਾਹਮਣੇ ਰੱਖੀ। ਉਨ੍ਹਾ ਇਹ ਵੀ ਦੱਸਿਆ ਕਿ ਅਸੀਂ ਪਾਤਰ ਦੀਆਂ ਸਿਰਜਣਾਵਾਂ ਦੀ ਭਰਪੂਰ ਚਰਚਾ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਵਫਾ ਹੋਣ ਜਾ ਰਿਹਾ ਹੈ।
ਡਾਕਟਰ ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ, ਡਾ. ਪਰਮਿੰਦਰ ਸਿੰਘ ਅਤੇ ਉਪਕਾਰ ਸਿੰਘ ਨੂੰ ਪ੍ਰਧਾਨਗੀ ਮੰਡਲ ਲਈ ਮੰਚ ’ਤੇ ਬੁਲਾਇਆ ਗਿਆ। ਇਸ ਦੌਰਾਨ ਡਾ. ਸਵਰਾਜਬੀਰ ਨੇ ‘ਸੁਰਜੀਤ ਪਾਤਰ ਸੁਰ ਪੰਜਾਬ’ ਦੇ ਉਨਵਾਨ ਹੇਠ ਪਰਚਾ ਪੜ੍ਹਿਆ। ਉਨ੍ਹਾ ਕਿਹਾ ਕਿ ਸੁਰਜੀਤ ਪਾਤਰ ਦੀ ਕਵਿਤਾ ਨੇ ਪੰਜਾਬੀ ਬੰਦੇ ਦਾ ਕਵਿਤਾ ਵਿੱਚ ਯਕੀਨ ਬਣਾਈ ਰੱਖਿਆ। ਪਾਤਰ ਦੀ ਕਵਿਤਾ ਝੂਠੀ ਤਸੱਲੀ ਦੇਣ ਦੀ ਥਾਂ ਇਹ ਦੱਸਦੀ ਹੈ ਕਿ ਪੰਜਾਬ ਤੇ ਪੰਜਾਬੀਆਂ ਦਾ ਖਮੀਰ ਕਿਹੋ ਜਿਹਾ ਹੈ। ਉਨ੍ਹਾ ਕਿਹਾ ਕਿ ਪ੍ਰੋ. ਮੋਹਣ ਸਿੰਘ ਅਤੇ ਅੰਮਿ੍ਰਤਾ ਪ੍ਰੀਤਮ ਆਦਿ ਦੇ ਵਿਰਸੇ ਨੂੰ ਪਾਤਰ ਹੁਰਾਂ ਸੰਭਾਲ ਕੇ ਰੱਖਿਆ। ਉਨ੍ਹਾ ਬਾਬੇ ਨਾਨਕ ਦੀ ਬਾਣੀ ਦੇ ਹਵਾਲੇ ਨਾਲ ਦੱਸਿਆ ਕਿ ਪਾਤਰ ਦੀ ਸ਼ਾਇਰੀ ਸਮਾਜਕ ਸਾਂਝ ਸਿਰਜਦੀ ਹੈ। ਇਸੇ ਤਰ੍ਹਾਂ ਦਮੋਦਰ ਵੱਲੋਂ ‘ਹੀਰ ਰਾਂਝੇ’ ਦੀ ਪਿਆਰ ਕਹਾਣੀ ਲਿਖੇ ਜਾਣ ਦੇ ਹਵਾਲੇ ਨਾਲ ਕਿਹਾ ਕਿ ਡਾ. ਸੁਰਜੀਤ ਪਾਤਰ ਸਾਡੇ ਸਮਿਆਂ ਦਾ ਦਮੋਦਰ ਹੈ। ਇਸੇ ਦੌਰਾਨ ਸਮਾਗਮ ਵਿੱਚ ਡਾ. ਸੁਰਜੀਤ ਪਾਤਰ ਦੇ ਪਰਵਾਰ ਦੀ ਆਮਦ ਹੋਈ। ਪਾਤਰ ਦੀ ਜੀਵਨ ਸਾਥਣ ਸ੍ਰੀਮਤੀ ਭੁਪਿੰਦਰ ਕੌਰ ਨੂੰ ਅਮੋਲਕ ਸਿੰਘ ਬੜੇ ਹੀ ਅਦਬ-ਸਤਿਕਾਰ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਮੰਚ ਉੱਤੇ ਲੈ ਕੇ ਗਏ। ਉਸ ਵੇਲੇ ਭੁਪਿੰਦਰ ਕੌਰ ਦੀਆਂ ਪਲਕਾਂ ’ਚੋਂ ਕਿਰਦੇ ਅੱਥਰੂ ਉਨ੍ਹਾ ਦੇ ਦਿਲ ਅੰਦਰਲੇ ਦਰਦ ਨੂੰ ਬਿਆਨ ਕਰ ਰਹੇ ਸਨ।
ਡਾਕਟਰ ਕੁਲਦੀਪ ਸਿੰਘ ਦੀਪ ਦੀਆਂ ਮੁੱਲਵਾਨ ਗੱਲਾਂ ਨੇ ਸਮਾਗਮ ਨੂੰ ਅੱਗੇ ਤੋਰਿਆ। ਡਾ. ਦੀਪ ਨੇ ਪਾਤਰ ਨੂੰ ਵਾਰ-ਵਾਰ ਦੇਖਣ-ਸਮਝਣ ਦੀ ਗੱਲ ਕਰਦਿਆਂ ਉਨ੍ਹਾ ਨੂੰ ਬਹੁਪਸਾਰੀ ਸ਼ਖਸੀਅਤ ਦੱਸਿਆ। ਉਨ੍ਹਾ ਪਾਤਰ ਦੇ ਨਾਟਕੀ ਰੂਪਾਂਤਰਣ ਦੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾ ਕਿਹਾ ਕਿ ਇਸ ਖੇਤਰ ਵਿੱਚ ਉਨ੍ਹਾ ਦੀ ਸ਼ਾਇਰੀ ਅੰਦਰਲੀ ਦਾਰਸ਼ਨਿਕਤਾ ਅਤੇ ਨਾਟਕੀ ਸਮਝ ਸਾਹਮਣੇ ਆਉਂਦੀ ਹੈ। ਉਨ੍ਹਾ ਦੇ ਛੇ ਨਾਟਕਾਂ ਵਿੱਚੋਂ ਪੰਜ ਵਿੱਚ ਦਰਸਾਇਆ ਗਿਆ ਹੈ ਕਿ ਸਾਡੀ ਪਿਤਰਕੀ ਵਿੱਚ ਔਰਤ ਕਿਵੇਂ ਪਿਸਦੀ ਰਹੀ ਹੈ। ਇਨ੍ਹਾਂ ਨਾਟਕਾਂ ਅੰਦਰ ਵੇਖਿਆ ਜਾ ਸਕਦਾ ਹੈ ਕਿ ਬੰਦੇ ਅੰਦਰ ਵਗਦੇ ਜਜ਼ਬਾਤਾਂ ਨੂੰ ਹੜ੍ਹ ਵਾਂਗ ਬਾਹਰ ਲਿਆਂਦਾ ਗਿਆ ਹੈ। ਇਹ ਨਾਟਕ ਸਾਡੇ ਦੌਰ ਦੇ ਵੱਡੇ ਸਵਾਲਾਂ ਨੂੰ ਵੀ ਮੁਖਾਤਬ ਹਨ। ਡਾ. ਦੀਪ ਨੇ ਇਹ ਦੱਸਿਆ ਕਿ ਇਨ੍ਹਾਂ ਵਿਦੇਸ਼ੀ ਨਾਟਕਾਂ ਦਾ ਰੂਪਾਂਤਰਣ ਪੂਰੀ ਤਰ੍ਹਾਂ ਪੰਜਾਬ ਦੀ ਧਰਤ ਦਾ ਲੱਗਦਾ ਹੈ। ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’, ‘ਅੱਗ ਦੇ ਕਲੀਰੇ’, ‘ਹੁਕਮੀ ਦੀ ਹਵੇਲੀ’, ਯੂਨਾਨ ਦੀ ਲੂਣਾ’, ‘ਇੱਛਾਧਾਰੀ’ ਅਤੇ ‘ਮੇਰੇ ਸ਼ਹਿਰ ਦੀ ਪਾਗਲ ਔਰਤ’ ਪੜ੍ਹਦਿਆਂ, ਸੁਣਦਿਆਂ ਲੱਗਦਾ ਹੈ ਕਿ ਇਹ ਸਭ ਪੰਜਾਬ ਵਿੱਚ ਹੋਇਆ, ਵਾਪਰਿਆ ਹੈ। ਡਾ. ਦੀਪ ਨੇ ਨਾਟਕਾਂ ਦਾ ਮਹੱਤਵ ਦੱਸਦਿਆਂ ਕਿਹਾ ਕਿ ਇਨ੍ਹਾਂ ਵਿੱਚ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਦੀ ਕੈਫੀਅਤ ਸਿਖਰ ’ਤੇ ਪੁੱਜੀ ਹੋਈ ਹੈ।
‘ਗੁਰਸ਼ਰਨ ਸਿੰਘ ਲੋਕ ਕਲਾ ਕਾਫਲਾ’ ਦੇ ਕਨਵੀਨਰ ਜਸਪਾਲ ਜੱਸੀ ਨੇ ਪਾਤਰ ਦੀ ਸ਼ਾਇਰੀ ਬਾਰੇ ਸੰਖੇਪ ਵਿੱਚ ਗੱਲ ਕਰਦਿਆਂ ਕਿਹਾ ਕਿ ਉਹ ਲੋਕ ਸ਼ਕਤੀ ਦੇ ਯਕੀਨ ਦੇ ਸ਼ਾਇਰ ਹਨ। ਜੱਸੀ ਨੇ ਐਮਰਜੈਂਸੀ ਦੇ ਕਾਲੇ ਦਿਵਸ ’ਤੇ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ‘ਉਹ ਦਿਨ ਯਾਦ ਆਉਂਦੇ ਹਨ’, ਲੰਮੀ ਕਵਿਤਾ ਪੜ੍ਹੀ।
ਉੱਘੇ ਵਿਦਵਾਨ ਸੁਖਦੇਵ ਸਿੰਘ ਸਿਰਸਾ ਨੇ ਸਮੇਟਵੀਂ ਟਿੱਪਣੀ ਵਿੱਚ ਕਿਹਾ ਕਿ ਪੰਜਾਬ ਵਿੱਚ ਇੱਕ ਐਸਾ ਦੌਰ ਆਇਆ ਸੀ, ਜਦੋਂ ਬਹੁਤੇ ਸ਼ਾਇਰ ਚੁੱਪ ਹੋ ਗਏ ਸਨ। ਪਾਤਰ ਨੇ ਉਸ ਵੇਲੇ ਬੋਲਣ ਦੀ ਜੁਰਅਤ ਕੀਤੀ। ਡਾ. ਸਿਰਸਾ ਨੇ ਕਿਹਾ ਕਿ ਅਸੀਂ ਪਾਤਰ ਨੂੰ ਇਸ ਕਰਕੇ ਯਾਦ ਨਹੀਂ ਕਰਦੇ ਕਿ ਉਹ ਚਲੇ ਗਏ, ਸਗੋਂ ਇਸ ਲਈ ਕਿ ਉਨ੍ਹਾ ਸਾਡੇ ਦੌਰ ਦੇ ਦਰਦ ਨੂੰ ਸਮਝਿਆ ਅਤੇ ਉਹ ਵੱਡੇ ਸਵਾਲਾਂ ਨੂੰ ਮੁਖਾਤਬ ਹੋਏ।
ਕਿਤਾਬਾਂ ਦੇ ਰਿਲੀਜ਼ ਕਰਨ ਦੇ ਸਿਲਸਿਲੇ ਵਿੱਚ ਵਰਿਆਮ ਸਿੰਘ ਸੰਧੂ ਦੀ ਕਿਤਾਬ ‘ਰੰਗ ਪ੍ਰਸੰਗ ਸੁਰਜੀਤ ਪਾਤਰ ਦੇ’ ਡਾ. ਸਵਰਾਜਬੀਰ ਨੇ ਪਾਤਰ ਦੀ ਪਤਨੀ ਭੁਪਿੰਦਰ ਕੌਰ ਨੂੰ ਭੇਟ ਕੀਤੀ।
ਸੁਰਜੀਤ ਪਾਤਰ ਸੰਬੰਧੀ ‘ਸਲਾਮ ਕਾਫਲਾ’ ਵੱਲੋਂ ‘ਸਲਾਮ’ ਦੀ ਕਾਪੀ ਕੁਲਦੀਪ ਕੌਰ ਕੁੱਸਾ ਅਤੇ ਹਰਿੰਦਰ ਕੌਰ ਬਿੰਦੂ (ਦੋਵੇਂ ਮੈਂਬਰ ਸਲਾਮ ਕਾਫਲਾ) ਨੇ ਕਹਾਣੀਕਾਰ ਜਸਪਾਲ ਮਾਨਖੇੜਾ ਨੂੰ ਭੇਟ ਕੀਤੀ। ਉਹਨਾ ਅੱਗੋਂ ਇਹ ਰਿਲੀਜ਼ ਕੀਤੀ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।
ਗੀਤ-ਸੰਗੀਤ ਦੇ ਦੌਰ ਵਿੱਚ ਸੁਰਜੀਤ ਪਾਤਰ ਦੇ ਪੁੱਤਰ ਨੇ ਆਪਣੇ ਬਾਪ ਦੀ ਸ਼ਾਇਰੀ ਨੂੰ ਸੁਰ-ਸੰਗੀਤ ਵਿੱਚ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ‘ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲ ’ਤੇ ਬਰਸਾਤ ਹੋਈ’ ਤੋਂ ਇਲਾਵਾ ਮਨਰਾਜ ਪਾਤਰ ਨੇ ਸੁਰਜੀਤ ਪਾਤਰ ਦੀਆਂ ਹੋਰ ਗਜ਼ਲਾਂ ਤੇ ਗੀਤ ਵੀ ਪੇਸ਼ ਕੀਤੇ। ਉਸ ਦੀ ਆਵਾਜ਼ ਤੇ ਅੰਦਾਜ਼ ਤੋਂ ਸਰੋਤੇ ਏਨੇ ਪ੍ਰਭਾਵਤ ਹੋਏ ਕਿ ਖੜੇ ਹੋ ਕੇ ਤਾੜੀਆਂ ਨਾਲ ਉਸ ਦੀ ਹੌਸਲਾ-ਅਫਜ਼ਾਈ ਕੀਤੀ।
ਸੁਰਜੀਤ ਪਾਤਰ ਦੇ ਭਰਾ ਉਪਕਾਰ ਸਿੰਘ ਨੇ, ‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ…’ ਅਤੇ ਕਈ ਹੋਰ ਰੰਗ ਪੇਸ਼ ਕੀਤੇ।
ਲੋਕ ਸੰਗੀਤ ਮੰਡਲੀ ਭਦੌੜ ਨੇ ਵੀ ਪਾਤਰ ਦੀਆਂ ਗਜ਼ਲਾਂ ਅਤੇ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।
ਸਮਾਗਮ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਇਸ ਵਿੱਚ ਸਾਹਿਤ, ਸੱਭਿਆਚਾਰ, ਤਰਕਸ਼ੀਲ ਲਹਿਰ ਤੋਂ ਇਲਾਵਾ ਲੋਕ ਲਹਿਰਾਂ ਨੂੰ ਪ੍ਰਣਾਈਆਂ ਅਨੇਕਾਂ ਜਥੇਬੰਦੀਆਂ ਇਸ ਦਾ ਹਿੱਸਾ ਬਣੀਆਂ। ਪ੍ਰਸ਼ਾਦੇ-ਪਾਣੀ ਦੀ ਸੇਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੀਤੀ। ਸਮਾਗਮ ਦੀ ਸਮਾਪਤੀ ਦਾ ਐਲਾਨ ਅਮੋਲਕ ਸਿੰਘ ਨੇ ਪਤਾਰ ਦੀ ਇੱਕ ਗਜ਼ਲ ਦੇ ਸ਼ੇਅਰ,
‘ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ,
ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ’ ਨਾਲ ਕੀਤਾ।





