ਕਾਂਗਰਸ ਵੱਲੋਂ ਦਿੱਲੀ ’ਚ ‘ਯੁਵਾ ਉਡਾਨ ਯੋਜਨਾ’ ਦਾ ਐਲਾਨ

0
99

ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਵਾਅਦਾ ਕੀਤਾ ਕਿ ਜੇ ਉਸ ਨੂੰ ਦਿੱਲੀ ਅਸੈਂਬਲੀ ਚੋਣਾਂ ਜਿਤਾਈਆਂ ਜਾਂਦੀਆਂ ਹਨ ਤਾਂ ਉਸ ਦੀ ਸਰਕਾਰ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਇੱਕ ਸਾਲ ਤੱਕ 8500 ਰੁਪਏ ਮਾਸਕ ਭੱਤਾ ਦੇਵੇਗੀ। ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਮਦਦ ‘ਯੁਵਾ ਉਡਾਨ ਯੋਜਨਾ’ ਤਹਿਤ ਦਿੱਤੀ ਜਾਵੇਗੀ ਤੇ ਇਹ ਮੁਫਤ ਨਹੀਂ ਹੋਵੇਗੀ।
ਉਨ੍ਹਾ ਕਿਹਾਅਸੀਂ ਉਨ੍ਹਾਂ ਨੌਜਵਾਨਾਂ ਨੂੰ ਮਾਲੀ ਮਦਦ ਮੁਹੱਈਆ ਕਰਾਵਾਂਗੇ, ਜਿਹੜੇ ਕਿਸੇ ਕੰਪਨੀ, ਫੈਕਟਰੀ ਜਾਂ ਅਦਾਰੇ ’ਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੇ। ਉਨ੍ਹਾਂ ਨੂੰ ਇਨ੍ਹਾਂ ਕੰਪਨੀਆਂ ਰਾਹੀਂ ਧਨ ਮੁਹੱਈਆ ਕਰਾਇਆ ਜਾਵੇਗਾ। ਇਹ ਯੋਜਨਾ ਅਜਿਹੀ ਨਹੀਂ ਕਿ ਘਰ ਬੈਠਿਆਂ ਨੂੰ ਹੀ ਪੈਸੇ ਦਿੱਤੇ ਜਾਣਗੇ। ਕਾਂਗਰਸ ਨੇ 6 ਜਨਵਰੀ ਨੂੰ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕਰਦਿਆਂ ਸੱਤਾ ਵਿੱਚ ਆਉਣ ’ਤੇ ਮਹਿਲਾਵਾਂ ਨੂੰ 2500 ਰੁਪਏ ਮਾਸਕ ਦੇਣ ਦੀ ਗੱਲ ਕਹੀ ਸੀ।
ਇਸੇ ਤਰ੍ਹਾਂ 8 ਜਨਵਰੀ ਨੂੰ ‘ਜੀਵਨ ਰਕਸ਼ਾ ਯੋਜਨਾ’ ਤਹਿਤ 25 ਲੱਖ ਰੁਪਏ ਤੱਕ ਦੇ ਮੁਫਤ ਸਿਹਤ ਬੀਮੇ ਦਾ ਵਾਅਦਾ ਕੀਤਾ ਸੀ। ਚੋਣਾਂ 5 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 8 ਫਰਵਰੀ ਨੂੰ ਆਉਣਗੇ।