ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਚੋਣ ਕਮਿਸ਼ਨ ’ਤੇ ਤਿੱਖਾ ਹਮਲਾ ਕੀਤਾ, ਜਦੋਂ ਚੋਣ ਕਮਿਸ਼ਨ ਨੇ ਉਨ੍ਹਾ ਦੇ ਦਾਅਵੇ ਦੇ ਸੰਬੰਧ ਵਿੱਚ ਉਨ੍ਹਾ ਦੇ ਸਪੱਸ਼ਟੀਕਰਨ ਨੂੰ ਰੱਦ ਕਰ ਦਿੱਤਾ। ਉਨ੍ਹਾ ਚੋਣ ਕਮਿਸ਼ਨ ’ਤੇ ਉਨ੍ਹਾ ਨੂੰ ਨੋਟਿਸ ਭੇਜ ਕੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਚਾਹੁੰਦੇ ਹਨ।
ਉਨ੍ਹਾ ਕਿਹਾਮੈਂ ਭਾਰਤੀ ਮੁੱਖ ਚੋਣ ਕਮਿਸ਼ਨ ਨੂੰ ਸਤਿਕਾਰ ਨਾਲ ਕਹਿਣਾ ਚਾਹੁੰਦਾ ਹਾਂ, ਉਹ ਦਿੱਲੀ ’ਚ ਖੁੱਲ੍ਹੇਆਮ ਪੈਸੇ ਵੰਡਦੇ ਨਹੀਂ ਦੇਖ ਸਕਦੇ। ਉਹ ਸ਼ਹਿਰ ’ਚ ਕੰਬਲ ਵੰਡਦੇ ਨਹੀਂ ਦੇਖ ਸਕਦੇ। ਭਾਰਤੀ ਚੋਣ ਕਮਿਸ਼ਨ ਰਾਜਨੀਤੀ ਕਰ ਰਿਹਾ ਹੈ, ਕਿਉਂਕਿ ਰਾਜੀਵ ਕੁਮਾਰ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਨੌਕਰੀ ਚਾਹੀਦੀ ਹੈ।
ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾਮੈਂ ਰਾਜੀਵ ਕੁਮਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਤਿਹਾਸ ਤੁਹਾਨੂੰ ਮੁਆਫ ਨਹੀਂ ਕਰੇਗਾ। ਜੇ ਮੁੱਖ ਚੋਣ ਕਮਿਸ਼ਨਰ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾ ਨੂੰ ਦਿੱਲੀ ’ਚ ਚੋਣ ਲੜਨੀ ਚਾਹੀਦੀ ਹੈ।
ਉਨ੍ਹਾ ਅੱਗੇ ਕਿਹਾ ਕਿ ਯਮੁਨਾ ਰਾਹੀਂ ਜ਼ਹਿਰੀਲਾ ਪਾਣੀ ਦਿੱਲੀ ਭੇਜਿਆ ਜਾ ਰਿਹਾ ਹੈ। ਉੱਚ ਅਮੋਨੀਆ ਵਾਲਾ ਪਾਣੀ ਜੇ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਭੇਜਿਆ ਜਾਂਦਾ ਹੈ ਤਾਂ ਕਲੋਰੀਨ ਨਾਲ ਮਿਲਾਇਆ ਜਾਵੇਗਾ, ਜੋ ਕਿ ਘਾਤਕ ਹੈ। ਉਨ੍ਹਾ ਕਿਹਾਜਦੋਂ ਅਸੀਂ ਯਮੁਨਾ ਦੇ ਪਾਣੀ ’ਚ ਪਾਏ ਗਏ 7 ਪੀ ਪੀ ਐੱਮ ਨੂੰ ਵਧਾਇਆ ਤਾਂ ਅਮੋਨੀਆ ਦਾ ਪੱਧਰ 3 ਘਟ ਗਿਆ। ਇਸ ਦਾ ਮਤਲਬ ਹੈ ਕਿ ਉਹ ਅਜਿਹਾ ਕਰ ਰਹੇ ਸਨ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਲੋਕਾਂ ਨੂੰ ਜ਼ਹਿਰੀਲਾ ਪਾਣੀ ਨਹੀਂ ਪੀਣ ਦਿਆਂਗਾ। ਅਸੀਂ ਜ਼ਹਿਰੀਲੇ ਪਾਣੀ ਨੂੰ ਦਿੱਲੀ ’ਚ ਦਾਖਲ ਨਹੀਂ ਹੋਣ ਦੇਵਾਂਗੇ। ਮੈਂ ਦਿੱਲੀ ਦੇ ਲੋਕਾਂ ਨਾਲ ਖੜ੍ਹਾ ਹਾਂ।
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਜ਼ਹਿਰੀਲੇ ਪਾਣੀ ਬਾਰੇ ਹਰਿਆਣਾ ਸਰਕਾਰ ’ਤੇ ਆਪਣੇ ਦੋਸ਼ਾਂ ਦੀ ਵਿਆਖਿਆ ਕਰਨ ਦਾ ਇਕ ਹੋਰ ਮੌਕਾ ਦਿੱਤਾ। ਕੇਜਰੀਵਾਲ ਦੇ ਬੁੱਧਵਾਰ ਦੇ ਜਵਾਬ ਤੋਂ ਸੰਤੁਸ਼ਟ ਨਾ ਹੁੰਦਿਆਂ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਯਮੁਨਾ ਦੇ ਜ਼ਹਿਰ ਦੀ ਕਿਸਮ, ਮਾਤਰਾ, ਪ੍ਰਕਿਰਤੀ ਅਤੇ ਤਰੀਕੇ ਬਾਰੇ ਖਾਸ ਅਤੇ ਸਪੱਸ਼ਟ ਜਵਾਬ ਦੇ ਨਾਲ ਤੱਥਾਂ ਦੇ ਸਬੂਤ ਦੇਣ ਲਈ ਕਿਹਾ।