ਸ਼ਾਹਕੋਟ (ਗਿਆਨ ਸੈਦਪੁਰੀ)
ਇੱਕ ਗੀਤ ‘ਕੀਹਨੇ ਨਸ਼ਿਆਂ ’ਚ ਡੋਬ ਤੇ ਜਵਾਨ, ਆਓ, ਲੋਕੋ ਪੈੜ ਕੱਢੀਏ, ਕੀਹਨੇ ਮਾਪਿਆਂ ਦੇ ਰੋਲੇ ਅਰਮਾਨ…..’ ਅੰਦਰ ਦਿੱਤੇ ਗਏ ਹੋਕੇ ਨੂੰ ਹੁੰਗਾਰਾ ਦੇਣ ਲਈ ‘ਨਵਾਂ ਜ਼ਮਾਨਾ’ ਦੀ ਟੀਮ ਕਮਿਊਨਿਸਟ ਅਤੇ ਮਜ਼ਦੂਰ ਆਗੂਆਂ ਨੂੰ ਨਾਲ ਲੈ ਕੇ ਬਠਿੰਡਾ ਜ਼ਿਲੇ੍ਹ ਦੇ ਪਿੰਡ ਦਾਨ ਸਿੰਘ ਵਾਲਾ ਦੀ ਬਸਤੀ ਕੋਠੇ ਜੀਵਨ ਸਿੰਘ ਪਹੁੰਚੀ, ਜਿੱਥੇ ਬੀਤੀ 9 ਅਤੇ 10 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਿਗੜੀ ਮਾਨਸਿਕਤਾ ਵਾਲੇ ਵਿਅਕਤੀਆਂ ਨੇ ਦਰਿੰਦਿਆਂ ਦਾ ਰੂਪ ਧਾਰ ਕੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਦਰਿੰਦਗੀ ਦਾ ਸ਼ਿਕਾਰ ਹੋਏ ਬੰਦਿਆਂ, ਬੀਬੀਆਂ ਤੇ ਬੱਚਿਆਂ ਦੇ ਸਹਿਮੇ-ਸਹਿਮੇ ਚਿਹਰੇ, ਬਰਬਾਦ ਕੀਤੇ ਘਰਾਂ ਨੂੰ ਦੇਖ ਕੇ ਤੇ ਦੋ ਕੁ ਘਰਾਂ ਦੀਆਂ ਧੀਆਂ ਦੇ ਦਾਜ ਦੀ ਬਣੀ ਹੋਈ ਰਾਖ ਵੇਖਿਆਂ ਕਈਆਂ ਦੇ ਧੁਰ ਅੰਦਰੋਂ ਉਠਦੇ ਹਉਕੇ ਤੇ ਕਈਆਂ ਦੀਆਂ ਪਲਕਾਂ ਅੰਦਰ ਤੈਰ ਰਹੇ ਅੱਥਰੂ ਦੇਖ ਕੇ ਲੱਗਦਾ ਕਿ ਪਿੰਡ ਦੇ ਹੀ ‘ਦਲੇਰ’ ਨਾਂਅ ਦੇ ਬੰਦੇ ਤੇ ਉਸ ਦੇ ਨਾਲ ਦਿਆਂ ਦੀ ਮਨਸ਼ਾ ਘਰਾਂ ਨੂੰ ਫੂਕ ਕੇ ਇਨ੍ਹਾਂ ਅੰਦਰ ਰਹਿੰਦੇ ਜੀਆਂ ਨੂੰ ਪਾਰ ਬੁਲਾ ਦੇਣ ਦੀ ਸੀ।
ਇਹ ਜਾਨਣ ਕਿ ਇਹ ਸਭ ਕਿਉ ਹੋਇਆ ਤੇ ਇਸ ਨਾਪਾਕ ਸਾਜ਼ਿਸ਼ ਦੇ ਘਾੜੇ ਕੌਣ ਹਨ, ਇੱਥੇ ਪਹੁੰਚੀ ਟੀਮ ਸਭ ਤੋਂ ਪਹਿਲਾਂ ਜਲਵਿੰਦਰ ਸਿੰਘ ਦੇ ਘਰ ਪਹੁੰਚੀ। ਜਲਵਿੰਦਰ ਕਾਰਪੇਂਟਰ ਹੈ ਤੇ ਨਾਲ ਉਸ ਦੀ ਪਤਨੀ ਸਰਬਜੀਤ ਕੌਰ ਨੇ ਸਖਤ ਕਿਰਤ ਤੇ ਕਿਰਸ ਕਰਕੇ ਵਧੀਆ ਘਰ ਬਣਾਇਆ ਸੀ। ਉਹ ਦੱਸਦੇ ਹਨ ਕਿ 10-11 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੇ ਕਹਿਰ ਵੇਲੇ ਮਸਾਂ ਹੀ ਆਪਣੀ ਤੇ ਆਪਣੇ ਬੱਚਿਆ ਦੀ ਜਾਨ ਬਚਾ ਸਕੇ। ਘਰ ਦੇ ਸਾੜ ਦਿੱਤੇ ਸਮਾਨ ਦੀ ਗਿਣਤੀ ਦੱਸਦੀ ਸਰਬਜੀਤ ਕੌਰ ਦੇ ਅੰਦਰੋਂ ਉਸ ਵੇਲੇ ਲੰਮਾ ਹਉਕਾ ਨਿਕਲਦਾ ਹੈ, ਜਦੋਂ ਕਹਿੰਦੀ ਹੈਕਈਆਂ ਚੀਜ਼ਾਂ ਦੀਆਂ ਕਿਸ਼ਤਾਂ ਅਜੇ ਬਕਾਇਆ ਹਨ। ਕੋਲ ਖੜੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਹਿਸ਼ੀ ਕਾਰੇ ਤੋਂ ਤਿੰਨ ਦਿਨ ਪਹਿਲਾਂ ਮੈਂ ਦਲੇਰ ਉਰਫ ਹਰਵਿੰਦਰ ਸਿੰਘ ਨੂੰ ਨਸ਼ੇ ਦਾ ਕੰਮ ਬੰਦ ਕਰਨ ਲਈ ਆਖਿਆ ਸੀ, ਜਿਸ ਦਾ ਉਸ ਨੇ ਬੁਰਾ ਮਨਾਇਆ। ਇਸ ਗੱਲੋਂ ਹੀ ਖਿਝ ਕੇ ਦਲੇਰ ਨੇ ਉਸ ’ਤੇ ਵਾਰ ਕੀਤਾ ਸੀ। ਉਸ ਨੇ ਦੱਸਿਆ ਕਿ 20-21 ਦਿਨ ਇਸ ਦਹਿਸ਼ਤੀ ਕਾਰੇ ਨੂੰ ਬੀਤ ਚੁੱਕੇ ਹਨ, ਪਰ ਖੌਫ ਤੇ ਡਰ ਦਾ ਮਹੌਲ ਬਣਾਈ ਰੱਖਣ ਲਈ ਅਜੇ ਵੀ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਹੈ। ਇੱਥੇ ਇੱਕ ਗੱਲ ਹੋਰ ਸਾਹਮਣੇ ਆਈ ਕਿ ਬਸਤੀ ਦੀਆ ਪੰਜ ਔਰਤਾਂ ਪਿੰਡ ਦੇ ਸਰਪੰਚ ਦੇ ਘਰ ਇਹ ਕਹਿਣ ਗਈਆਂ ਸਨ ਕਿ ਤਿੰਨ ਦਿਨ ਪਹਿਲਾਂ ਹੋਏ ਝਗੜੇ ਦਾ ਕੋਈ ਹੱਲ ਕਰਕੇ ਗੱਲ ਨਬੇੜ ਦਿੱਤੀ ਜਾਵੇ। ਉਸੇ ਮੌਕੇ ਹੀ ਹਰਵਿੰਦਰ ਸਿੰਘ ਆ ਧਮਕਿਆ ਤੇ ਆਪਣੀ ਜੀਪ ਵਿੱਚੋਂ ਕਿਰਪਾਨ ਕੱਢ ਕੇ ਕਹਿਣ ਲੱਗਾਮੇਰੇ ਕੰਮ ਵਿੱਚ ਅੜਿੱਕਾ ਪਾਉਣ ਵਾਲਿਆਂ ਨਾਲ ਹਰ ਹਾਲਤ ਵਿੱਚ ਸਿਝੂਗਾ। ਇਸ ਮੌਕੇ ਸਰਪੰਚ ਵੱਲੋ ਦਲੇਰ ਨੂੰ ਕੁਝ ਵੀ ਨਾ ਕਹਿਣਾ ਸਰਪੰਚ ਦੇ ਕਿਰਦਾਰ ’ਤੇ ਸਵਾਲ ਖੜਾ ਕਰਦਾ ਹੈ।
ਤਰਸੇਮ ਸਿੰਘ ਪੁੱਤਰ ਗੋਰਾ ਸਿੰਘ ਦੇ ਘਰ ਟੀਮ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਲਗਭਗ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾ ਦੇ ਜੀਆਂ ’ਤੇ ਹੋਏ ਹਮਲੇ ਵੇਲੇ ਗੋਰਾ ਸਿੰਘ ਨੇ ਨਿੰਮ ਤੇ ਚੜ੍ਹ ਕੇ ਜਾਨ ਬਚਾਈ ਸੀ। ਜਸਪ੍ਰੀਤ, ਮੇਜਰ ਸਿੰਘ ਤੇ ਦਲੀਪ ਸਿੰਘ ਟੈਂਕੀ ’ਤੇ ਚੜ੍ਹ ਕੇ ਹਮਲਾਵਰਾਂ ਦੇ ਕਹਿਰ ਤੋਂ ਬਚ ਸਕੇ। ਇਸੇ ਬਸਤੀ ਦੇ ਰਣਜੀਤ ਸਿੰਘ ਦਾ ਘਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਿੰਦਗੀ ਦੌਰਾਨ ਉਸ ਦਾ ਪੱੁਤਰ ਪ੍ਰਗਟ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ। ਰਜਾਈ ਲੈ ਕੇ ਲੰਮੇ ਪਏ ਪ੍ਰਗਟ ਸਿੰਘ ਦੇ ਇਲਾਜ ਲਈ ਘਰ ਵਿੱਚ ਹੀ ਓਹੜ-ਪੋਹੜ ਕੀਤਾ ਜਾ ਰਿਹਾ ਹੈ। ਜ਼ਖਮੀਆ ਦਾ ਇਲਾਜ ਸਰਕਾਰੀ ਤੌਰ ’ਤੇ ਕੀਤੇ ਜਾਣ ਦੇ ਦਾਅਵੇ ਵੀ ਖੋਖਲੇ ਸਾਬਿਤ ਹੋ ਰਹੇ ਹਨ।
ਇਸ ਕਹਿਰ ਦਾ ਸ਼ਿਕਾਰ ਬਣੇ ਇੱਕ ਹੋਰ ਵਿਅਕਤੀ ਨੇ ਡਾਢੀ ਉਦਾਸੀ ਨਾਲ ਦੱਸਿਆ ਕਿ ਉਸ ਦਾ ਘਰ ਤਬਾਹ ਕਰਨ ਦੇ ਨਾਲ-ਨਾਲ ਉਸ ਦੇ ਘਰ ਅੰੰਦਰ ਪਈਆਂ ਧਾਰਮਿਕ ਪੋਥੀਆਂ ਵੀ ਸਾੜ ਦਿੱਤੀਆਂ ਗਈਆਂ, ਉਸ ਦੀ ਗਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਵੀ ਤੋੜ ਸੁੱਟਿਆ। ਇੱਕ ਹੋਰ ਔਰਤ ਨੇ ਹੰਝੂ ਕੇਰਦਿਆਂ ਦੱਸਿਆ ਕਿ ਉਸ ਦੇ ਜਵਾਈ ਦੀ ਮੌਤ ਹੋ ਚੁੱਕੀ ਹੈ, ਦੋਹਤੀ ਉਹਨਾਂ ਕੋਲ ਰਹਿੰਦੀ ਹੈ। ਅਗਲੇ ਦਿਨੀਂ ਉਸ ਦੇ ਹੱਥ ਪੀਲੇ ਕਰਨ ਦਾ ਹੀਲਾ ਬੁੱਤਾ ਕੀਤਾ ਜਾ ਰਿਹਾ ਸੀ। ਵਿੱਤ ਮੂਜਬ ਦੋਹਤੀ ਦਾ ਦਾਜ ਬਣਾਇਆ ਹੋਇਆ ਸੀ, ਉਹ ਸਾਰਾ ਦਾਜ ਸਾੜ ਕੇ ਸਵਾਹ ਕਰ ਦਿੱਤਾ ਗਿਆ। ਰਣਜੀਤ ਸਿੰਘ ਤੇ ਲਵਦੀਪ ਸਿੰਘ ਦੇ ਘਰ ਵੀ ਤਬਾਹ ਕਰ ਦਿੱਤੇ ਗਏ। ਜਗਦੇਵ ਸਿੰਘ ਤੇ ਵੇਦ ਸਿੰਘ ਦੇ ਘਰ ਵੀ ਜਰਵਾਣਿਆਂ ਦੀ ਮਾਰ ਹੇਠ ਆ ਗਏ। ਇਨ੍ਹਾਂ ਘਰਾਂ ਦੇ ਮੰਜੇ ਸਾੜ ਕੇ ਜੀਆਂ ਨੂੰ ਦਰੀਆਂ, ਪੱਲੀਆਂ ’ਤੇ ਸੌਣ ਲਈ ਮਜਬੂਰ ਹੋਣਾ ਪਿਆ। ਬੱਕਰੀਆਂ ਦਾ ਵਾੜਾ ਦਿਖਾਉਦਿਆਂ ਵੇਦ ਸਿੰਘ ਨੇ ਦੱਸਿਆ ਕਿ ਉਸ ਦੀਆਂ 10 ਬੱਕਰੀਆਂ ਨੂੰ ਦੋਖੀਆਂ ਨੇ ਪਤਾ ਨਹੀਂ ਕਿੱਥੇ ਅਲੋਪ ਕਰ ਦਿੱਤਾ। ਜਗਦੇਵ ਸਿੰਘ ਦੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਉਸ ਦਾ ਘਰ ਤੇ ਬੇਟੀ ਦੇ ਵਿਆਹ ਦੇ ਦਾਜ ਦਾ ਰਾਖ ਹੋ ਜਾਣ ਦਾ ਦਰਦ ਹਰ ਕੋਈ ਮਹਿਸੂੁਸ ਕਰ ਸਕਦਾ ਹੈ। ਇੱਥੇ ਬਾਬੇ ਨਾਨਕ ਵੱਲੋਂ ਕਿਸੇ ਵੇਲੇ ਰੱਬ ਨੂੰ ਮਾਰਿਆ ਮਿਹਣਾ ਢੁਕਦਾ ਹੈ, ‘ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ॥’ ਪੀੜਤਾਂ ਦੇ ਦਰਦ ਨੂੰ ਆਪਣੇ ਢੰਗ ਨਾਲ ਕੁਝ ਘਟਾਉਣ ਦੇ ਮੰਤਵ ਨਾਲ ਬਸਤੀ ਵਿੱਚ ਕਾਮਰੇਡਾਂ ਦੀ ਗਈ ਟੀਮ ਨੂੰ ਇਹ ਵੀ ਪਤਾ ਲੱਗਾ ਕਿ ਇਸ ਵਹਿਸ਼ੀ ਕਾਰੇ ਦੇ ਬੀਜ ਪੰਚਾਇਤੀ ਚੋਣਾਂ ਵਿੱਚ ਪੈਦਾ ਹੋ ਗਏ ਸਨ। ਜਿਸ ਸਰਪੰਚ ਨੂੰ ਕਹਿਰ ਵਰਤਾਉਣ ਵਾਲੇ ਦਾ ਆਕਾ ਦੱਸਿਆ ਜਾ ਰਿਹਾ ਹੈ, ਉਸ ਦੇ ਧੜੇ ਦੇ ਮੈਬਰ ਪੰਚਾਇਤ ਸਿਰਫ ਤਿੰਨ ਹਨ ਤੇ ਦੂਸਰੀ ਧਿਰ ਦੇ 6 ਮੈਂਬਰ ਹਨ। ਪੰਚਾਇਤ ਦੀ ਇਸ ਤਰ੍ਹਾਂ ਦੀ ਸਥਿਤੀ ਵੀ ਸਰਪੰਚ ਅੰਦਰ ਕੌੜ ਪੈਦਾ ਕਰਦੀ ਹੈ। ਟੀਮ ਵਿੱਚ ਸ਼ਾਮਲ ਸੀ ਪੀ ਆਈ ਦੇ ਸੂਬਾਈ ਆਗੂ ਜਗਜੀਤ ਸਿੰਘ ਜੋਗਾ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਐਡਵੋਕੇਟ ਸੁਰਜੀਤ ਸਿੰਘ ਸੋਹੀ ਅਤੇ ਸੀ ਪੀ ਆਈ ਦੀ ਸੂਬਾ ਕੌਂਸਲ ਮੈਂਬਰ ਜਸਵੀਰ ਕੌਰ ਸਰਾਂ ਨੇ ਸਾਰੀ ਸਥਿਤੀ ਨੂੰ ਘੋਖ ਕੇ ਪੀੜਤਾਂ ਪ੍ਰਤੀ ਸਰਕਾਰ ਦੀ ਗੈਰ-ਜ਼ਿੰਮੇਵਾਰਾਨਾ ਪਹੁੰਚ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਾਮਰੇਡ ਜੋਗਾ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਵਜ਼ੀਰ ਜਾਂ ਕਿਸੇ ਹੋਰ ਸਰਕਾਰੀ ਧਿਰ ਨੇ ਬਸਤੀ ਜੀਵਨ ਸਿੰਘ ਦੇ ਦੁਖੀਆ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਹੀਂ ਮਾਰਿਆ, ਇੱਥੋਂ ਤੱਕ ਕਿ ਪ੍ਰਸ਼ਾਸਨ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ 9 ਅਤੇ 10 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਦਲਿਤਾਂ ਦੇ ਵਿਹੜਿਆ ਅੰਦਰ ਦਰਿੰਦਗੀ ਦਾ ਨੰਗਾ ਨਾਚ ਹੋਇਆ ਹੈ। ਹਮਲਾਵਰਾਂ ਨੇ ਇੱਕ ਗਾਂ ਬੁਰੀ ਤਰਾਂ ਜ਼ਖਮੀ ਕਰ ਦਿੱਤੀ। ਪਲਾਸਟਿਕ ਦੇ ਬੰਬ ਚਲਾਏ ਗਏ, ਧਾਰਮਿਕ ਪੋਥੀਆਂ ਸਾੜੀਆਂ ਗਈਆਂ, ਸਰਪੰਚ ਅਤੇ ਸੰਬੰਧਤ ਪੁਲਸ ਦੇ ਕਿਰਦਾਰ ਬਾਰੇ ਵੱਡੇ ਸਵਾਲ ਉੱਠ ਰਹੇ ਹਨ। ਇਨ੍ਹਾਂ ਸਭ ਸਵਾਲਾਂ ਦੇ ਉੱਤਰ ਕੌਣ ਦੇਵੇਗਾ? ਇਹ ਤਰਾਸਦੀ ਹੀ ਹੈ ਕਿ ਗਊ ਭਗਤ ਚੁੱਪ ਹਨ। ਪਲਾਸਟਿਕ ਦੇ ਬੰਬ ਬਣਾਉਣੇ ਤੇ ਚਲਾਉਣੇ ਵੱਡਾ ਮਸਲਾ ਹੈ, ਇਸ ਬਾਰੇ ਪਰਚੇ ਵਿੱਚ ਧਾਰਾ ਹੀ ਸ਼ਾਮਲ ਨਹੀਂ ਕੀਤੀ ਗਈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਨਾ ਮਿਲਿਆ ਜਾਂ ਹੋਰ ਦੇਰੀ ਕੀਤੀ ਗਈ ਤਾਂ ਉਹ ਚੁੱਪ ਨਹੀ ਬੈਠਣਗੇ, ਉਹ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ। ਦੂਸਰੇ ਪਾਸੇ ਸੰਬੰਧਤ ਥਾਣਾ ਨੇਹੀਆਂਵਾਲ ਦੀ ਐੱਸ ਐੱਚ ਓ ਜਸਵਿੰਦਰ ਕੌਰ ਨੂੰ ਪੁਲਸ ਦੀ ਢਿੱਲੀ ਕਾਰਵਾਈ ’ਤੇ ਉੱਠਦੇ ਸਵਾਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਨੇੜੇ ਹੀ ਅਬਲੂ ਵਿਖੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਸੀ, ਪੁਲਿਸ ਦੀ ਡਿਊਟੀ ਉੱਥੇ ਸੀ। ਬਸਤੀ ਜੀਵਨ ਸਿੰਘ ਵਾਲੀ ਘਟਨਾ ਬਾਰੇ ਉਹਨਾ ਨੂੰ ਸਮੇਂ ਸਿਰ ਸੂਚਨਾ ਨਹੀ ਮਿਲ ਸਕੀ। ਸੂਚਨਾ ਮਿਲਣ ’ਤੇ ਪੁਲਸ ਨੇ ਕਾਰਵਾਈ ਅਮਲ ਵਿੱਚ ਲਿਆਂਦੀ। ਅਧੂਰੇ ਪਰਚੇ ਬਾਰੇ ਐੱਸ ਐੱਚ ਓ ਨੇ ਕਿਹਾ ਕਿ ਪੀੜਤਾਂ ਦੇ ਬਿਆਨਾਂ ਮੁਤਾਬਕ ਹੀ ਪਰਚਾ ਦਰਜ ਕੀਤਾ ਗਿਆ ਹੈ।