ਚਾਰ ਸਾਬਕਾ ਪੁਲਸ ਅਫਸਰਾਂ ਨੂੰ ਪੰਜ ਤੋਂ ਅੱਠ ਸਾਲ ਕੈਦ ਬਾਮੁਸ਼ੱਕਤ

0
131

ਬਠਿੰਡਾ/ਮੋਗਾ (ਬਖਤੌਰ ਢਿੱਲੋਂ/ਇਕਬਾਲ ਸਿੰਘ ਖਹਿਰਾ)
ਮੁਹਾਲੀ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ 2007 ਦੇ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਭਿ੍ਰਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ ਵਿੱਚ ਸੋਮਵਾਰ ਮੋਗਾ ਦੇ ਤੱਤਕਾਲੀ ਐੱਸ ਐੱਸ ਪੀ ਦਵਿੰਦਰ ਸਿੰਘ ਗਰਚਾ ਤੇ ਤੱਤਕਾਲੀ ਐੱਸ ਪੀ (ਐੱਚ) ਪਰਮਦੀਪ ਸਿੰਘ ਸੰਧੂ ਨੂੰ ਪੰਜ-ਪੰਜ ਸਾਲ ਕੈਦ ਬਾਮੁਸ਼ੱਕਤ ਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਉਨ੍ਹਾਂ ਤੋਂ ਇਲਾਵਾ ਮੋਗਾ ਥਾਣੇ ਦੇ ਤੱਤਕਾਲੀ ਐੱਸ ਐੱਚ ਓ ਇੰਸਪੈਕਟਰ ਅਮਰਜੀਤ ਸਿੰਘ ਨੂੰ ਸਾਢੇ ਛੇ ਸਾਲ ਕੈਦ ਬਾਮੁਸ਼ੱਕਤ ਤੇ ਢਾਈ ਲੱਖ ਰੁਪਏ ਜੁਰਮਾਨੇ ਅਤੇ ਤੱਤਕਾਲੀ ਐੱਸ ਐੱਚ ਓ ਸਬ-ਇੰਸਪੈਕਟਰ ਰਮਨ ਕੁਮਾਰ ਨੂੰ ਅੱਠ ਸਾਲ ਕੈਦ ਬਾਮੁਸ਼ੱਕਤ ਤੇ ਤਿੰਨ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਭਿ੍ਰਸ਼ਟਾਚਾਰ ਵਿੱਚ ਸ਼ਮੂਲੀਅਤ ਤੋਂ ਇਲਾਵਾ ਰਮਨ ਕੁਮਾਰ ਨੂੰ ਜਬਰੀ ਵਸੂਲੀ ਤੇ ਅਮਰਜੀਤ ਸਿੰਘ ਨੂੰ ਜਬਰੀ ਵਸੂਲੀ ਦੀ ਕੋਸ਼ਿਸ਼ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ। ਗਰਚਾ ਤੇ ਸੰਧੂ ਪੁਲਸ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਏ ਆਈ ਜੀ ਦੇ ਅਹੁਦੇ ’ਤੇ ਸਨ। ਅਮਰਜੀਤ ਸਿੰਘ ਤੇ ਰਮਨ ਕੁਮਾਰ ਡਿਸਮਿਸ ਕਰ ਦਿੱਤੇ ਗਏ ਸਨ।
ਮਾਮਲੇ ਵਿੱਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਉਰਫ ਮੱਖਣ ਬਰਾੜ ਤੇ ਸੁਖਰਾਜ ਸਿੰਘ ਨੂੰ 29 ਮਾਰਚ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਨੇ 11 ਦਸੰਬਰ 2007 ਨੂੰ ਪਰਚਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹਨ। ਸੈਕਸ ਸਕੈਂਡਲ ਵਿੱਚ ਮਨਜੀਤ ਕੌਰ ਅਤੇ ਉਸ ਦੇ ਪਤੀ ਸਮੇਤ ਦੋ ਨਾਬਾਲਗ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜ਼ਮਾਨਤ ’ਤੇ 2013 ਵਿੱਚ ਬਾਹਰ ਆਉਣ ’ਤੇ ਮਨਜੀਤ ਕੌਰ ਸਰਕਾਰੀ ਗਵਾਹ ਬਣ ਗਈ ਸੀ। ਉਸ ਦਾ ਸਤੰਬਰ 2018 ਨੂੰ ਜ਼ੀਰਾ ਵਿਖੇ ਉਸ ਦੇ ਪਤੀ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ‘ਨਵਾਂ ਜ਼ਮਾਨਾ’ ਹੀ ਸੀ, ਜਿਸ ਦੇ ਨਾਮਾਨਿਗਾਰ ਬਖਤੌਰ ਢਿੱਲੋਂ ਨੇ ਇਸ ਸੈਕਸ ਸਕੈਂਡਲ ਦੀ ਪੈੜ ਦੱਬ ਕੇ ਮੀਡੀਆ ਤੇ ਪ੍ਰਸ਼ਾਸਨਿਕ ਹਲਕਿਆਂ ’ਚ ਉਦੋਂ ਤਰਥੱਲੀ ਮਚਾ ਦਿੱਤੀ ਸੀ। ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਜਗਰਾਉ ਪੁਲਸ ਜ਼ਿਲੇ੍ਹ ਦੇ ਥਾਣਾ ਸਿੱਧਵਾਂ ਬੇਟ ਦੇ ਪਿੰਡ ਬਰਸਾਲ ਨਾਲ ਸੰਬੰਧਤ 18-19 ਵਰ੍ਹਿਆਂ ਦੀ ਇੱਕ ਕੁੜੀ, ਜਿਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਅਤੇ ਬਾਪ ਅਮਲੀ ਸੀ, ਰੁਜ਼ਗਾਰ ਦੀ ਭਾਲ ਵਿੱਚ ਮੋਗਾ ਵਿਖੇ ਪਹੁੰਚਦੀ ਹੈ, ਜਿੱਥੇ ਉਸ ਦਾ ਵਾਹ ਇੱਕ ਪਤੀ-ਪਤਨੀ ਅਜਿਹੇ ਜੋੜੇ ਨਾਲ ਪੈਂਦਾ, ਜੋ ਸਿਲਾਈ-ਕਢਾਈ ਸਿਖਾ ਕੇ ਵਿਦੇਸ਼ ਭੇਜਣ ਦੇ ਬਹਾਨੇ ਉਸ ਨੂੰ ਆਪਣੀ ਚੁੰਗਲ ਵਿੱਚ ਫਸਾ ਕੇ ਦੇਹ ਵਪਾਰ ਦੇ ਧੰਦੇ ਵਿੱਚ ਪਾ ਲੈਂਦੇ ਹਨ ।ਗੈਰ-ਇਖਲਾਕੀ ਧੰਦੇ ਦਾ ਸੰਚਾਲਕ ਇਹ ਜੋੜਾ ਗਾਹਕਾਂ ਤੋਂ ਪ੍ਰਤੀ ਰਾਤ ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਾਪਤ ਕਰਕੇ ਇਸ ਕੁੜੀ ਨੂੰ ਸਿਰਫ ਚਾਰ-ਪੰਜ ਸੌ ਰੁਪਈਆ ਹੀ ਦਿਆ ਕਰਦਾ ਸੀ। ਇੱਥੇ ਹੀ ਬੱਸ ਨਹੀਂ, ਬਲਕਿ ਉਹ ਉਸ ਨੂੰ ਹੋਰ ਦਲਾਲਾਂ ਦੇ ਸਪੁਰਦ ਵੀ ਕਰ ਦਿੰਦਾ ਸੀ। ਇਸ ਸਭ ਕੁਝ ਦੇ ਚੱਲਦਿਆਂ ਕੁੜੀ ਦਾ ਸੰਪਰਕ ਮੋਗਾ ਦੀ ਹੀ ਸੂਰਜ ਨਗਰੀ ਦੀ ਵਸਨੀਕ ਔਰਤ ਨਾਲ ਹੋ ਗਿਆ। ਦੇਹ ਵਪਾਰ ਦੇ ਧੰਦੇ ’ਚ ਗਲਤਾਨ ਹੋਣ ਸਦਕਾ ਉਸ ਦੀ ਉਕਤ ਜੋੜੇ ਨਾਲ ਵਪਾਰਕ ਸ਼ਰੀਕੇਬਾਜ਼ੀ ਚੱਲਦੀ ਸੀ। ਆਪਣੀ ਰੰਜਿਸ਼ ਦਾ ਬਦਲਾ ਲੈਣ ਲਈ ਉਕਤ ਔਰਤ ਨੇ ਕੁੜੀ ਤੋਂ ਥਾਣਾ ਸਿਟੀ ਮੋਗਾ ਵਿਖੇ ਉਕਤ ਜੋੜੇ ਖਿਲਾਫ ਸ਼ਿਕਾਇਤ ਕਰਵਾ ਕੇ ਬਲਾਤਕਾਰ, ਧੋਖਾਦੇਹੀ ਆਦਿ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਵਾਉਣ ਵਿੱਚ ਸਫਲਤਾ ਹਾਸਲ ਕਰ ਲਈ । ਇਸ ਤੋਂ ਬਾਅਦ ਸੌਖੀ ਕਮਾਈ ਕਰਨ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਉਸ ਵੇਲੇ ਦੇ ਐੱਸ ਐੱਚ ਓ ਰਮਨ ਕੁਮਾਰ ਨੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਵਪਾਰੀਆਂ, ਕਾਰੋਬਾਰੀਆਂ, ਗੈਰਨਿਵਾਸੀ ਭਾਰਤੀਆਂ ਵਿਰੋਧੀ ਧਿਰ ਨਾਲ ਸੰਬੰਧਤ ਕੌਂਸਲਰਾਂ ਅਤੇ ਸਿਸਟਮ ਲਈ ਸਿਰ ਦਰਦ ਬਣੇ ਰਹਿਣ ਵਾਲੇ ਪੱਤਰਕਾਰਾਂ ਨੂੰ ਵੀ ਝੂਠੇ ਮੁਕੱਦਮੇ ’ਚ ਨਾਮਜ਼ਦ ਕਰਨ ਉਪਰੰਤ ਮੋਟੀਆਂ ਰਕਮਾਂ ਲੈ ਕੇ ਬੇਗੁਨਾਹ ਕਰਨ ਦਾ ਰਾਹ ਅਪਣਾ ਲਿਆ। ਪੁਲਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 100 ਦੇ ਕਰੀਬ ਹੈ। ਐੱਸ ਐੱਚ ਓ ਵੱਲੋਂ ਮਚਾਈ ਅੰਨ੍ਹੀ ਲੁੱਟ ਦੇ ਚੱਲਦਿਆਂ ਸਾਰੇ ਇਲਾਕੇ ’ਚ ਜਦ ਪੁਲਸ ਦੀ ਥੂਹ-ਥੂਹ ਹੋਣ ਲੱਗ ਪਈ ਤਾਂ ਐੱਸ ਐੱਸ ਪੀ ਦਵਿੰਦਰ ਸਿੰਘ ਗਰਚਾ ਨੇ ਰਮਨ ਕੁਮਾਰ ਨੂੰ ਬਦਲ ਕੇ ਉਸ ਦੀ ਥਾਂ ਅਮਰਜੀਤ ਸਿੰਘ ਨੂੰ ਥਾਣਾ ਸਿਟੀ ਮੋਗਾ ਦਾ ਇੰਚਾਰਜ ਲਾ ਦਿੱਤਾ। ਅਮਰਜੀਤ ਵੀ ਰਮਨ ਕੁਮਾਰ ਵਾਲੇ ਰਾਹ ’ਤੇ ਹੀ ਤੁਰ ਪਿਆ ਅਤੇ ਪਿੰਡ ਭਾਗੀਕੇ ਦੇ ਵਸਨੀਕ ਰਣਜੀਤ ਸਿੰਘ ਜੋ ਉਸ ਵੇਲੇ ਦੀ ਮੋਗਾ ਨਾਲ ਸੰਬੰਧਤ ਹਾਕਮ ਅਕਾਲੀ ਲੀਡਰਸ਼ਿਪ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ, ਨੂੰ ਉਲਝਾਉਣ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ।ਇਸੇ ਦੌਰਾਨ ਕੁੜੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਐੱਸ.ਐੱਚ. ਓ ਅਮਰਜੀਤ ਸਿੰਘ ਨੇ ਇਸ ਮਾਮਲੇ ਨੂੰ ਰਣਜੀਤ ਸਿੰਘ ਭਾਗੀਕੇ ਦੇ ਖਿਲਾਫ ਇਸਤੇਮਾਲ ਕਰਨ ਦਾ ਹਥਿਆਰ ਬਣਾਉਦਿਆਂ ਉਸ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਲਈ । ਪਹਿਲਾਂ ਤੋਂ ਹੀ ਸੁਚੇਤ ਰਣਜੀਤ ਨੇ ਉਸ ਦੀ ਫੋਨ ਕਾਲ ਰਿਕਾਰਡ ਕਰ ਲਈ। ਆਪਣੇ ਖਿਲਾਫ ਕੇਸ ਦਰਜ ਹੋਣ ’ਤੇ ਉਸ ਨੇ ਕਾਲ ਰਿਕਾਰਡਿੰਗ ਸਮੇਤ ਵੇਲੇ ਦੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ, ਜਿਨ੍ਹਾਂ ਨੇ ਡੀ.ਜੀ.ਪੀ. ਐੱਨ.ਪੀ.ਐੱਸ. ਔਲਖ ਦੀ ਪ੍ਰਵਾਨਗੀ ਲੈਣ ਉਪਰੰਤ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਈਸ਼ਵਰ ਚੰਦਰ ਦੀ ਅਗਵਾਈ ਹੇਠ ਇਕ ਐੱਸ.ਆਈ.ਟੀ. ਦਾ ਗਠਨ ਕਰ ਦਿੱਤਾ, ਜਿਸ ਵਿੱਚ ਉਸ ਵੇਲੇ ਦੇ ਐੱਸ ਐੱਸ ਪੀ ਫਰੀਦਕੋਟ ਐੱਲ ਕੇ ਯਾਦਵ ਜੋ ਅੱਜਕੱਲ੍ਹ ਏ ਡੀ ਜੀ ਪੀ ਬਿਊਰੋ ਆਫ ਇਨਵੈਸਟੀਗੇਸ਼ਨ ਹਨ ਅਤੇ ਬਾਘਾ ਪੁਰਾਣਾ ਦੇ ਡੀ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਨੂੰ ਮੈਂਬਰਾਨ ਵਜੋਂ ਸ਼ਾਮਲ ਕਰ ਦਿੱਤਾ। ਇਸ ਐੱਸ ਆਈ ਟੀ ਨੇ ਜਦ ਦੁੱਧ ਤੇ ਪਾਣੀ ਦਾ ਕਰੀਬ-ਕਰੀਬ ਨਿਤਾਰਾ ਕਰ ਦਿੱਤਾ ਤਾਂ ਮੋਗਾ ਦੀ ਸਥਾਨਕ ਅਕਾਲੀ ਲੀਡਰਸ਼ਿਪ ਵੱਲੋਂ ਕੀਤੀ ਪਹੁੰਚ ਦੀ ਬਦੌਲਤ ਮੁੱਖ ਮੰਤਰੀ ਦਫਤਰ ਨੇ ਐੱਸ.ਆਈ.ਟੀ. ਨੂੰ ਮਾਮਲੇ ਨੂੰ ਰਫਾ-ਦਫਾ ਕਰਨ ਦੀ ਜ਼ੁਬਾਨੀ ਹਦਾਇਤ ਕਰ ਦਿੱਤੀ।