ਬਾਜਵਾ ਖਿਲਾਫ ਕੇਸ ਦਾ ਬਰਾੜ ਵੱਲੋਂ ਸਖਤ ਵਿਰੋਧ

0
31

ਚੰਡੀਗੜ੍ਹ : ਆਪੋਜੀਸ਼ਨ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਕੇਸ ਕਰਨਾ ਆਮ ਆਦਮੀ ਪਾਰਟੀ ਦੀ ਬੁਖਲਾਹਟ ਤੇ ਹਰ ਫਰੰਟ ’ਤੇ ਉਸ ਦੀ ਅਸਫਲਤਾ ਨੂੰ ਪ੍ਰਗਟ ਕਰਦਾ ਹੈ। ਪ੍ਰਤਾਪ ਸਿੰਘ ਬਾਜਵਾ ਦੇ ‘ਪਾਕਿਸਤਾਨ ’ਚੋਂ 50 ਬੰਬ ਪੰਜਾਬ ਵਿਚ ਅੱਤਵਾਦੀ ਕਾਰਵਾਈਆਂ ਲਈ ਭੇਜੇ ਗਏ’ ਵਾਲੇ ਬਿਆਨ ’ਤੇ ਪੰਜਾਬ ਸਰਕਾਰ ਦੀ ਕਾਰਵਾਈ ਬਾਰੇ ਪ੍ਰਤੀਕਰਮ ਕਰਦਿਆਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾ ਕਿਹਾ ਕਿ ਇਹ ਸੱਚ ਹੈ ਕਿ ਪੰਜਾਬ ਅੰਦਰ ਆਏ ਦਿਨ ਰਾਜਸੀ ਆਗੂਆਂ ਅਤੇ ਥਾਣਿਆਂ ’ਤੇ ਗਰਨੇਡਾਂ ਤੇ ਬੰਬਾਂ ਨਾਲ ਹਮਲੇ ਹੋਏ ਹਨ ਤੇ ਅਮਨ-ਕਾਨੂੰਨ ਦੀ ਬੁਰੀ ਹਾਲਤ ਹੈ। ਬਾਜਵਾ ਜਾਂ ਲਗਭਗ ਸਾਰੀਆਂ ਰਾਜਸੀ ਪਾਰਟੀਆਂ ਇਸ ’ਤੇ ਆਪਣੇ ਪ੍ਰਤੀਕਰਮ ਦੇ ਰਹੀਆਂ ਹਨ। ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਬਾਜਵਾ ਦੇ ਪਾਕਿਸਤਾਨ ਵਿਚਲੇ ਅੱਤਵਾਦੀ ਅਨਸਰਾਂ ਨਾਲ ਸੰਬੰਧ ਹਨ, ਉਕਾ ਹੀ ਬੇਹੂਦਾ ਅਤੇ ਬਚਕਾਨਾ ਦੋਸ਼ ਹੈ। ਉਹਨਾ ਆਖਿਆ ਕਿ ਮਾਨ ਸਰਕਾਰ ਵੱਲੋਂ ਨਸ਼ਾ ਮਾਫੀਏ ਅਤੇ ਗੈਂਗਸਟਰਾਂ ਵਿਰੁੱਧ ਕੋਈ ਕਾਰਗਰ ਐਕਸ਼ਨ ਲੈਣ ਦੀ ਬਜਾਏ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਪੁਲਸ ਅਤੇ ਏਜੰਸੀਆਂ ਰਾਹੀਂ ਕਾਰਵਾਈਆਂ ਕਰਵਾ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਹਨਾ ਦੋਸ਼ ਲਾਇਆ ਕਿ ਤਿੰਨ ਸਾਲ ਦੇ ਸ਼ਾਸਨ ਕਾਲ ਵਿਚ ਭਿ੍ਰਸ਼ਟਾਚਾਰ, ਨਸ਼ਾ ਮਾਫੀਆ, ਗੈਂਗਸਟਰਾਂ ਦੀਆਂ ਹਿੰਸਾਤਮਕ ਕਾਰਵਾਈਆਂ ਵਿਚ ਅੰਤਾਂ ਦਾ ਵਾਧਾ ਹੋਇਆ ਹੈ, ਜਿਨ੍ਹਾਂ ਨੂੰ ਛੁਪਾਉਣ ਲਈ ਸਰਕਾਰ ਝੂਠੇ ਡਰਾਮੇ ਕਰ ਰਹੀ ਹੈ।
ਸਾਥੀ ਬਰਾੜ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਬਿਆਨ ’ਤੇ ਵੀ ਹੈਰਾਨੀ ਪ੍ਰਗਟ ਕੀਤੀ, ਜਿਸ ਵਿਚ ਉਹਨਾ ਦਾਅਵਾ ਕੀਤਾ ਕਿ ਸਿਰਫ ਭਾਜਪਾ ਹੀ ਪੰਜਾਬ ਨੂੰ ਸੰਕਟ ਵਿਚੋਂ ਕੱਢ ਸਕਦੀ ਹੈ। ਭਾਜਪਾ ਦੇਸ਼ ਦੇ ਅਜੋਕੇ ਗੰਭੀਰ ਸੰਕਟ ਲਈ ਜ਼ਿੰਮੇਵਾਰ ਹੈ, ਉਹ ਪੰਜਾਬ ਵਿਚ ਆਪਣੀਆਂ ਏਜੰਸੀਆਂ ਰਾਹੀਂ ਅੱਤਵਾਦ ਨੂੰ ਸ਼ਹਿ ਦੇ ਕੇ ਫਿਰਕੂ ਹਿੰਸਾ ਪੈਦਾ ਕਰਨ ਵਾਲੇ ਛੜਯੰਤਰ ਰਚ ਰਹੀ ਹੈ। ਉਹਨਾ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕ ਕਿਸੇ ਹਾਲਤ ਵਿਚ ਵੀ ਮੁੜ ਕੇ ਬੁਰੇ ਦਿਨ ਨਹੀਂ ਆਉਣ ਦੇਣਗੇ।