ਕਾਮਰੇਡ ਸੁਤੰਤਰ ਕੁਮਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ

0
146

ਬੰਗਾ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ, ਬੀ ਐੱਸ ਐੱਨ ਐੱਲ ਜਥੇਬੰਦੀ ਦੇ ਕੇਂਦਰੀ ਆਗੂ, ਏਟਕ, ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਆਗੂ ਕਾਮਰੇਡ ਸੁਤੰਤਰ ਕੁਮਾਰ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਕਾਮਰੇਡ ਸੁਤੰਤਰ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਕੁਝ ਦਿਨ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਸਨ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਵਿਕਾਸ ਨਗਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਐਤਵਾਰ ਉਹਨਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ।
ਸ਼ਰਧਾਂਜਲੀ ਸਮਾਗਮ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀਨੀਅਰ ਕਮਿਊਨਿਸਟ ਆਗੂ ਭੁਪਿੰਦਰ ਸਾਂਬਰ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਇਸਤਰੀ ਸਭਾ ਦੇ ਸੂਬਾਈ ਆਗੂ ਨਰਿੰਦਰ ਕੌਰ ਸੋਹਲ, ਸੀ ਪੀ ਆਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਮੇਸ਼ ਰਤਨ, ਆਰ ਐੱਮ ਪੀ ਆਈ ਵੱਲੋਂ ਕੁਲਦੀਪ ਸਿੰਘ ਦੌੜਕਾ, ਸੀ ਪੀ ਆਈ (ਐੱਮ) ਵੱਲੋਂ ਬਲਵੀਰ ਸਿੰਘ ਜਾਡਲਾ, ਸੀ ਪੀ ਆਈ (ਐੱਮ ਐੱਲ) ਵੱਲੋਂ ਐਡਵੋਕੇਟ ਦਲਜੀਤ ਸਿੰਘ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ, ਲੇਖਕ ਬੂਟਾ ਸਿੰਘ ਮਹਿਮੂਦਪੁਰ, ਪ੍ਰਵੀਨ ਭਾਟੀਆ (ਐੱਮ ਸੀ), ਪੈਨਸ਼ਨਰ ਯੂਨੀਅਨ ਵੱਲੋਂ ਜੀ ਐੱਸ ਬਾਜਵਾ , ਪਰਮਿੰਦਰ ਮੇਨਕਾ ਬਲਾਚੌਰ ਨੇ ਸੰਬੋਧਨ ਕੀਤਾ।
ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਸੁਤੰਤਰ ਕੁਮਾਰ ਪੜ੍ਹੇ-ਲਿਖੇ, ਇੱਕ ਸੱਚੇ-ਸੁੱਚੇ ਕਮਿਊਨਿਸਟ, ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਆਗੂ ਸਨ। ਇਸ ਵੇਲੇ ਦੇਸ਼ ’ਚ ਫਿਰਕਾਪ੍ਰਸਤੀ ਜ਼ੋਰਾਂ ’ਤੇ ਹੈ। ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨਾਲ ਧੱਕਾ ਕਰ ਰਹੀ ਹੈ। ਘੱਟ ਗਿਣਤੀਆਂ ’ਤੇ ਜ਼ੁਲਮ ਹੋ ਰਹੇ ਹਨ। ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਇਹਨਾਂ ਹਾਲਤਾਂ ’ਚ ਸਾਥੀ ਸੁਤੰਤਰ ਦੇ ਤੁਰ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੁਤੰਤਰ ਵਰਗੇ ਲੀਡਰ ਸੰਘਰਸ਼ਾਂ ਤੋਂ ਬਣੇ। ਉਹਨਾ ਦੇ ਵਿਚਾਰ ਜਿਉਦੇ ਰਹਿਣਗੇ ਤਾਂ ਸਾਥੀ ਸੁਤੰਤਰ ਵੀ ਜਿਉਦੇ ਰਹਿਣਗੇ ਅਤੇ ਸਾਡੇ ਅੰਗਸੰਗ ਹੀ ਰਹਿਣਗੇ।
ਸਾਥੀ ਬਰਾੜ ਨੇ ਕਿਹਾ ਕਿ ਸਤੰਬਰ ਮਹੀਨੇ ਚੰਡੀਗੜ੍ਹ ਵਿਖੇ ਸੀ ਪੀ ਆਈ ਦੀ, ਜੋ ਨੈਸ਼ਨਲ ਕਾਂਗਰਸ ਹੋਣ ਜਾ ਰਹੀ ਹੈ, ਕਾਮਰੇਡ ਸੁਤੰਤਰ ਨੇ ਬਿਮਾਰ ਹੁੰਦੇ ਹੋਏ ਵੀ ਛੇ ਲੱਖ ਰੁਪਏ ਇਕੱਠੇ ਕਰਕੇ ਪਾਰਟੀ ਨੂੰ ਦਿੱਤੇ। ਸਾਥੀ ਸੁਤੰਤਰ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ।ਉਹਨਾ ਸਾਥੀ ਸੁਤੰਤਰ ਦੇ ਪਰਵਾਰ ਦਾ ਵੀ ਧੰਨਵਾਦ ਕੀਤਾ।
ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਤੰਤਰ ਜੀ ਖੱਬੀਆਂ ਪਾਰਟੀਆਂ ਦੇ ਸਾਂਝੇ ਆਗੂ ਸਨ।ਉਹਨਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਦੀ ਪੂਰੀ ਸਮਝ ਸੀ। ਅੱਜ ਪੂੰਜੀਵਾਦ ਸਾਡਾ ਦੁਸ਼ਮਣ ਹੈ। ਖੱਬੀਆਂ ਧਿਰਾਂ ਅਤੇ ਜਮਹੂਰੀਅਤਪਸੰਦ ਲੋਕਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ, ਤਾਂ ਹੀ ਕਾਮਰੇਡ ਸੁਤੰਤਰ ਦੇ ਸੁਪਨੇ ਪੂਰੇ ਹੋ ਸਕਦੇ ਹਨ।
ਕਾਮਰੇਡ ਸੁਤੰਤਰ ਕੁਮਾਰ ਦੇ ਬੇਟੇ ਅਨੁਪਮ ਨੇ ਕਿਹਾ ਕਿ ਕਾਮਰੇਡ ਸੁਤੰਤਰ ਜੀ ਬਿਮਾਰ ਹੁੰਦੇ ਹੋਏ ਵੀ ਲੋਕਾਂ ਪ੍ਰਤੀ ਚਿੰਤਤ ਸਨ ਅਤੇ ਹਮੇਸ਼ਾ ਹੀ ਪਾਰਟੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਉਹਨਾਂ ਸਾਰੀਆਂ ਹੀ ਖੱਬੀਆਂ ਪਾਰਟੀਆਂ, ਜਥੇਬੰਦੀਆਂ ਅਤੇ ‘ਨਵਾਂ ਜ਼ਮਾਨਾ’ ਦੀ ਆਰਥਕ ਮਦਦ ਕੀਤੀ। ਉਹਨਾ ਪਾਰਟੀਆਂ ਦੇ ਆਗੂਆਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਵਾਤਾਵਰਨ ਸੰਭਾਲ ਸੁਸਾਇਟੀ ਨਵਾਂ ਸ਼ਹਿਰ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ, ਰੋਟਰੀ ਕਲੱਬ ਨਵਾਂ ਸ਼ਹਿਰ, ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਨਵਾਂ ਸ਼ਹਿਰ, ਬਲੱਡ ਡੋਨਰ ਕੌਂਸਲ ਨਵਾਂ ਸ਼ਹਿਰ ਅਤੇ ਸ਼ਹਿਰ ਦੀਆਂ ਹੋਰ ਵੀ ਜਥੇਬੰਦੀਆਂ ਵੱਲੋਂ ਸ਼ੋਕ ਸੁਨੇਹੇ ਆਏ।
ਇਸ ਮੌਕੇ ਕਾਮਰੇਡ ਸੁਤੰਤਰ ਦੀ ਧਰਮ ਪਤਨੀ ਬੀਬੀ ਸਰੋਜ ਬਾਲਾ, ਬੇਟੇ ਅਨੁਪਮ ਅਤੇ ਅਲੋਕ ਪਰਾਕਲ, ਨੰੂਹਾਂ ਸੁਸ਼ਮਾ ਅਤੇ ਨੀਤੂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੀ ਪੀ ਆਈ ਦੇ ਤਹਿਸੀਲ ਸਕੱਤਰ ਜਸਵਿੰਦਰ ਸਿੰਘ ਭੰਗਲ, ਬੀਬੀ ਗੁਰਬਖਸ਼ ਕੌਰ ਰਾਹੋਂ, ਗੁਰਮੁੱਖ ਸਿੰਘ ਫਰਾਲਾ, ਗੁਰਮੇਲ ਚੰਦ ਨਵਾਂ ਸ਼ਹਿਰ, ਜਰਨੈਲ ਸਿੰਘ ਜਾਫਰਪੁਰ, ਐੱਸ ਡੀ ਓ ਪਿਆਰੇ ਲਾਲ, ਦਸੌਂਧਾ ਸਿੰਘ, ਸਤਨਾਮ ਚਾਹਲ, ਅਮਰਜੀਤ ਮੇਹਲੀ, ਹੁਸਨ ਲਾਲ, ਪਰਮਜੀਤ ਰੋੜੀ, ਸੋਹਣ ਸਲੇਮਪੁਰ, ਭੁਪਿੰਦਰ ਵੜੈਚ, ਜਸਵੀਰ ਮਾਹੀ, ਪਲਵਿੰਦਰ ਸੂਦ ਕਾਨੂੰਗੋ, ਗੁਰਨੇਕ ਸਿੰਘ, ਮੁਕੰਦ ਸਿੰਘ, ਜਸਵੀਰ ਸਿੰਘ ਮੋਰੋਂ, ਬਲਰਾਮ ਜੋਸ਼ੀ, ਜਸਪਾਲ ਗਿੱਧਾ, ਕਮਲਜੀਤ ਸਨਾਵਾਂ, ਪਿ੍ਰੰਸੀਪਲ ਹਰਬੰਸ ਗੇਹਲੜੋਂ, ਪਿ੍ਰੰਸੀਪਲ ਇਕਬਾਲ ਸਿੰਘ, ਪਿ੍ਰੰਸੀਪਲ ਦਿਲਬਾਗ ਸਿੰਘ, ਹਸ਼ਮਤ ਅਲੀ, ਮਾਸਟਰ ਸੁੱਚਾ ਸਿੰਘ, ਮਾਸਟਰ ਗੁਰਦਿਆਲ ਸਿੰਘ ਮਹਿੰਦੀਪੁਰ, ਕਰਨੈਲ ਸਿੰਘ ਡੀ ਈ ਓ, ਐੱਸ ਡੀ ਓ ਰਘੂਵਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ ਫਗਵਾੜਾ, ਹਰੀ ਰਾਮ ਰਸੂਲਪੁਰੀ, ਸੱਤਪਾਲ ਸਲੋਹ, ਜਰਨੈਲ ਸਿੰਘ ਪਨਾਮ, ਦੇਸ ਰਾਜ ਨਾਗੀ, ਐੱਸ ਡੀ ਓ ਤਰਸੇਮ ਲਾਲ, ਪਰਗਣ ਰਾਮ, ਪਾਖਰ ਰਾਮ ਬੰਗਾ ਤੋਂ ਇਲਾਵਾ ਖੱਬੀਆਂ ਪਾਰਟੀਆਂ ਦੇ ਵਰਕਰ ਅਤੇ ਰਿਸ਼ਤੇਦਾਰ ਮੌਜੂਦ ਸਨ।