ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਅਤੇ ਅਨੇਕਾਂ ਅਜ਼ਾਦ ਫੈਡਰੇਸ਼ਨਾਂ, ਯੂਨੀਅਨਾਂ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸਰਗਰਮ ਹਮਾਇਤ ਪ੍ਰਾਪਤ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼-ਵਿਆਪੀ ਹੜਤਾਲ ਦੀਆਂ ਤਿਆਰੀਆਂ ਅਤੇ ਉਤਸ਼ਾਹ ਸੰਬੰਧੀ ਦੱਸਿਆ ਕਿ ਇਸ ਹੜਤਾਲ ਦੀਆਂ ਪੰਜਾਬ ਵਿੱਚ ਸਾਰੀਆਂ ਤਿਆਰੀਆਂ ਮੀਟਿੰਗਾਂ, ਗੇਟ ਰੈਲੀਆਂ, ਇਸ਼ਤਿਹਾਰ, ਦੁਵਰਕੀਆਂ, ਹੜਤਾਲ ਬਾਰੇ ਨੋਟਿਸ ਆਦਿ ਕਰਦੇ ਹੋਏ ਮੁਕੰਮਲ ਕਰ ਲਈਆਂ ਗਈਆਂ ਹਨ। ਹੜਤਾਲ ਦੀ ਕਾਮਯਾਬੀ ਲਈ ਉਤਸ਼ਾਹ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਹੜਤਾਲ ਪਿਛਲੀਆਂ ਸਭ ਹੜਤਾਲਾਂ ਤੋਂ ਵੱਧ ਕਾਮਯਾਬ ਹੋਵੇਗੀ। ਪੰਜਾਬ ਰੋਡਵੇਜ਼, ਪੀ ਆਰ ਟੀ ਸੀ, ਬਿਜਲੀ ਬੋਰਡ, ਬੈਂਕ, ਬੀਮਾ, ਬੀ ਐੱਸ ਐੱਨ ਅੱੈਲ, ਪੋਸਟਲ ਇੰਪਲਾਈਜ਼, ਬੀ ਬੀ ਐੱਮ ਬੀ, ਆਂਗਣਵਾੜੀ, ਨਰੇਗਾ, ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਜ਼, ਭੱਠਾ ਸਨਅਤ, ਉਸਾਰੀ ਕਿਰਤੀ, ਐੱਫ ਸੀ ਆਈ, ਪੱਲੇਦਾਰ, ਖੇਤ ਮਜਦੂਰ, ਸਭ ਅਦਾਰਿਆਂ ਦੇ ਸੇਵਾ-ਮੁਕਤ ਲੱਖਾਂ ਕਾਮੇ, ਲੱਖਾਂ ਸਨਅਤੀ ਕਾਮੇ, ਨੌਜੁਆਨ, ਵਿਦਿਆਰਥੀ ਆਦਿ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਲੱਖਾਂ ਕਿਸਾਨਾਂ ਤੋਂ ਇਲਾਵਾ ਹੋਰ ਛੋਟੇ-ਛੋਟੇ ਅਦਾਰੇ ਅਤੇ ਸੰਗਠਨ ਵੀ ਇਸ ਹੜਤਾਲ ਵਿੱਚ ਪੂਰੀ ਤਾਕਤ ਨਾਲ ਹਿੱਸਾ ਲੈ ਰਹੇ ਹਨ।ਬਰਾੜ ਅਤੇ ਧਾਲੀਵਾਲ ਨੇ ਦੱਸਿਆ ਕਿ ਇਹ ਹੜਤਾਲ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਗਰੀਬ ਵਿਰੋਧੀ ਸਨਅਤੀ ਅਤੇ ਆਰਥਕ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਹੜਤਾਲ ਦੇ ਮੁੱਦਿਆ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪਬਲਿਕ ਸੈਕਟਰ ਦਾ ਨਿਜੀਕਰਨ ਰੋਕਣਾ, ਚਾਰੇ ਲੇਬਰ ਕੋਡ ਰੱਦ ਕਰਨੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਸਕੀਮ ਵਰਕਰਾਂ ਨੂੰ ਪੱਕੇ ਕਰਨਾ, ਘੱਟੋਘੱਟ ਉਜਰਤਾਂ 26000 ਰੁਪਏ ਪ੍ਰਤੀ ਮਹੀਨਾ ਕਰਨਾ, ਮਹਿੰਗਾਈ ਰੋਕਣਾ, ਬੇਰੁਜ਼ਗਾਰੀ ਦੂਰ ਕਰਨਾ, ਸਿਹਤ, ਸਿੱਖਿਆ ਦਾ ਨਿਜੀਕਰਨ ਬੰਦ ਕਰਨਾ, ਨਰੇਗਾ ਅਧੀਨ ਕੰਮ 200 ਦਿਨ ਦੇਣਾ ਅਤੇ ਸ਼ਹਿਰਾਂ ਵਿੱਚ ਵੀ ਲਾਗੂ ਕਰਨਾ ਆਦਿ ਇਸ ਹੜਤਾਲ ਦੇ ਮੁੱਖ ਮੁੱਦੇ ਹਨ। ਆਗੂਆਂ ਵੱਲੋਂ ਪੰਜਾਬ ਦੇ ਹਰ ਇੱਕ ਅਦਾਰੇ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਹੜਤਾਲ ਦੀ ਤਿਆਰੀ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।





