ਅਬੋਹਰ : ‘ਨਿਊ ਵੀਅਰ ਵੈੱਲ’ ਸ਼ੋਅਰੂਮ ਦੇ ਸਹਿ-ਮਾਲਕ ਤੇ ਉੱਘੇ ਕਾਰੋਬਾਰੀ ਸੰਜੈ ਵਰਮਾ ਦੀ ਸੋਮਵਾਰ ਦਿਨ-ਦਿਹਾੜੇ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ ਸ਼ੋਅਰੂਮ ਦੇ ਬਾਹਰ 10 ਦੇ ਕਰੀਬ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਚਾਰ ਗੋਲੀਆਂ ਵਰਮਾ ਦੀ ਆਈ-20 ਕਾਰ ਵਿੱਚ ਲੱਗੀਆਂ।
ਗ੍ਰੇਟ ਖਲੀ ਨੇ ਬਹੁਤ ਪਹਿਲਾਂ ਸ਼ੋਅਰੂਮ ਦਾ ਉਦਘਾਟਨ ਕੀਤਾ ਸੀ। ਪੌਲੀਵੁੱਡ ਦੇ ਕਲਾਕਾਰਾਂ, ਖਿਡਾਰੀਆਂ, ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਸ਼ੋਅਰੂਮ ਵਿੱਚ ਆਉਣ-ਜਾਣ ਸੀ। ਸੰਜੈ ਵਰਮਾ (58) ਫੈਸ਼ਨ ਡਿਜ਼ਾਈਨਰ ਜਗਤ ਵਰਮਾ, ਜਿਸ ਨੂੰ ਆਲਮੀ ਪੱਧਰ ’ਤੇ ਬਹੁਤ ਮਾਣ-ਸਨਮਾਨ ਮਿਲਿਆ ਹੈ, ਦਾ ਛੋਟਾ ਭਰਾ ਸੀ। ਸ਼ੂਟਰ ਭਗਤ ਸਿੰਘ ਚੌਕ ਵਿੱਚ ਪਹਿਲਾਂ ਤੋਂ ਵਰਮਾ ਦੀ ਉਡੀਕ ’ਚ ਸਨ। ਵਰਮਾ ਸਵਾ ਦਸ ਵਜੇ ਦੇ ਕਰੀਬ ਜਿਵੇਂ ਹੀ ਸ਼ੋਅਰੂਮ ਦੇ ਬਾਹਰ ਆਪਣੀ ਕਾਰ ’ਚੋਂ ਬਾਹਰ ਨਿਕਲਿਆ ਤਾਂ ਇਨ੍ਹਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਚਸ਼ਮਦੀਦਾਂ ਮੁਤਾਬਕ ਹਮਲਾਵਰ ਮੋਟਰਸਾਈਕਲਾਂ ’ਤੇ ਆਏ ਸਨ, ਜੋ ਉਨ੍ਹਾਂ ਲਾਲਾ ਲਾਜਪਤ ਰਾਏ ਪਾਰਕ ਦੇ ਬਾਹਰ ਪਾਰਕ ਕੀਤੇ ਹੋਏ ਸਨ। ਇਨ੍ਹਾਂ ਵਿੱਚੋਂ ਤਿੰਨ ਜਣੇ ਤੁਰ ਕੇ ਚੌਕ ਤੱਕ ਆਏ ਤੇ ਇਕ ਜਣਾ ਉਥੇ ਹੀ ਉਡੀਕ ਕਰਦਾ ਰਿਹਾ। ਹਮਲਾਵਰਾਂ ਵੱਲੋਂ ਕੀਤੀ ਫਾਇਰਿੰਗ ਨਾਲ ਭਗਦੜ ਮਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰ ਤੇ ਹੋਰ ਰਾਹਗੀਰ ਉਥੋਂ ਭੱਜ ਗਏ।
ਵਰਮਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦਿੱਤਾ। ਐੱਸ ਐੱਸ ਪੀ ਗੁਰਮੀਤ ਸਿੰਘ ਵੀ ਜਾਂਚ ਦੀ ਨਿਗਰਾਨੀ ਕਰਨ ਲਈ ਅਬੋਹਰ ਪਹੁੰਚੇ। ਪੁਲਸ ਨੇ ਚੌਕ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਲ ਜੋੜਦੀ ਗਲੀ ਵਿੱਚੋਂ ਮਿਲਿਆ ਲਾਵਾਰਸ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ। ਹੱਤਿਆ ਪਿਛਲਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਅਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਨਹੀਂ, ਬਲਕਿ ਜੰਗਲ ਰਾਜ ਹੈ।





