ਢਾਕਾ : ਬੰਗਲਾਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਚਟਗਾਂਵ ਵਿੱਚ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਐਤਵਾਰ ਆਪਣੀਆਂ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ। ਇਹ ਫੈਸਲਾ ਨੌਜਵਾਨ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਵਧੇ ਤਣਾਅ ਅਤੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਸ਼ਰੀਫ਼ ਉਸਮਾਨ ਹਾਦੀ, ਜੋ ਪਿਛਲੇ ਸਾਲ ਸ਼ੇਖ ਹਸੀਨਾ ਸਰਕਾਰ ਵਿਰੁੱਧ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦੇ ਪ੍ਰਮੁੱਖ ਆਗੂ ਸਨ, ਨੂੰ 12 ਦਸੰਬਰ ਨੂੰ ਢਾਕਾ ਵਿੱਚ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਵੀਰਵਾਰ ਸਿੰਗਾਪੁਰ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹਾਦੀ ਦੀ ਮੌਤ ਤੋਂ ਬਾਅਦ ਪੂਰੇ ਬੰਗਲਾਦੇਸ਼ ਵਿੱਚ ਹਿੰਸਾ ਭੜਕ ਗਈ। ਚਟਗਾਂਵ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਿਹਾਇਸ਼ ’ਤੇ ਪੱਥਰਬਾਜ਼ੀ ਵੀ ਕੀਤੀ ਗਈ। ਸੁਰੱਖਿਆ ਸਥਿਤੀ ਆਮ ਵਾਂਗ ਹੋਣ ਤੱਕ ਚਟਗਾਂਵ ਵਿੱਚ ਵੀਜ਼ਾ ਸੇਵਾਵਾਂ ਬੰਦ ਰਹਿਣਗੀਆਂ। ਸਿਲਹਟ ਵਿੱਚ ਵੀ ਭਾਰਤੀ ਦੂਤਾਵਾਸ ਤੇ ਵੀਜ਼ਾ ਕੇਂਦਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।



