ਨਰੇਗਾ ਰੁਜ਼ਗਾਰ ਦੀ ਪ੍ਰਾਪਤੀ ਲਈ ਅੱਜ ਅਲਗੋਂ ਕੋਠੀ ਵਿਖੇ ਪ੍ਰਦਰਸ਼ਨ : ਗਿੱਲ, ਮਾੜੀਮੇਘਾ

0
49

ਭਿੱਖੀਵਿੰਡ : ਸੀ ਪੀ ਆਈ ਬਲਾਕ ਭਿੱਖੀਵਿੰਡ ਦੀ ਬਲਾਕ ਕਾਨਫਰੰਸ ਟਹਿਲ ਸਿੰਘ ਲੱਧੂ, ਗੁਰਚੰਦ ਸਿੰਘ ਭਗਵਾਨਪੁਰਾ ਖੁਰਦ, ਡਾਕਟਰ ਰਸਾਲ ਸਿੰਘ ਤੇ ਸੁਖਵਿੰਦਰ ਕੌਰ ਅਲਗੋਂ ਖੁਰਦ ਦੀ ਪ੍ਰਧਾਨਗੀ ਹੇਠ ਚੇਲਾ ਮੋੜ ’ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਦੀ ਯਾਦ ਵਿੱਚ ਉਸਰੇ ਗੁਰਦੁਆਰਾ ਸਾਹਿਬ ਵਿੱਚ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹੇ ਵੱਲੋਂ ਕਾਨਫਰੰਸ ਕਰਾਉਣ ਆਏ ਅਬਜ਼ਰਵਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਇਸ ਇਲਾਕੇ ਦੀ ਕਮਿਊਨਿਸਟ ਪਾਰਟੀ ਨੂੰ ਬਹੁਤ ਦੇਣ ਹੈ। ਸ਼ਹੀਦ ਕਾਮਰੇਡ ਅਰਜਨ ਸਿੰਘ ਮਸਤਾਨਾ, ਸ਼ਹੀਦ ਗੱਜਣ ਸਿੰਘ ਕਾਲੇ, ਸ਼ਹੀਦ ਬਲਵੰਤ ਸਿੰਘ ਤੇ ਜਸਵੰਤ ਸਿੰਘ ਚੇਲਾ ਪਰਵਾਰ ਅਤੇ ਸ਼ਹੀਦ ਸੁੱਚਾ ਸਿੰਘ ਨਾਰਲਾ ਇਸ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਨ। ਸੱਤਪਾਲ ਡਾਂਗ ਅਤੇ ਵਿਮਲਾ ਡਾਂਗ ਵੀ ਇਸ ਇਲਾਕੇ ਵਿੱਚ ਪ੍ਰੋਗਰਾਮਾਂ ਨੂੰ ਸੰਬੋਧਨ ਕਰਦੇ ਰਹੇ ਹਨ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਇਲਾਕੇ ਦੇ ਕਮਿਊਨਿਸਟਾਂ ਨੇ ਲਗਾਤਾਰ ਭਰਪੂਰ ਸਾਥ ਦਿੱਤਾ ਹੈ ਅਤੇ ਇਸ ਵੇਲੇ ਪਾਰਟੀ ਦੀ ਮੈਂਬਰਸ਼ਿਪ 500 ਦੇ ਕਰੀਬ ਹੈ। ਕਮਿਊਨਿਸਟ ਪਾਰਟੀ ਨੇ ਪਿਛਲੇ ਸਾਲਾਂ ਵਿੱਚ ਨਰੇਗਾ ਕਾਮਿਆਂ ਨੂੰ ਨਰੇਗਾ ਦਾ ਕੰਮ ਵੀ ਦਿਵਾਉਣ ਵਿੱਚ ਕੋਈ ਢਿੱਲ ਨਹੀਂ ਵਿਖਾਈ। ਹੁਣ ਭਾਵੇਂ ਕੇਂਦਰ ਸਰਕਾਰ ਨੇ ਮਨਰੇਗਾ ਦਾ ਨਾਂਅ ਬਦਲਿਆ ਹੈ ਅਤੇ ਕੰਮ ਦੇਣ ਵਿੱਚ ਤਬਦੀਲੀਆਂ ਵੀ ਕੀਤੀਆਂ ਹਨ, ਫਿਰ ਵੀ ਨਰੇਗਾ ਵਰਕਰਾਂ ਦੇ ਕੰਮ ਲਈ ਪਹਿਲਾਂ ਦੀ ਤਰ੍ਹਾਂ ਪਾਰਟੀ ਸੰਘਰਸ਼ ਕਰਦੀ ਰਹੇਗੀ। ਹਰ ਹਾਲਤ ਵਿੱਚ ਨਰੇਗਾ ਕਾਮਿਆਂ ਨੂੰ ਕੰਮ ਲੈ ਕੇ ਦਿੱਤਾ ਜਾਵੇਗਾ। ਸੀ ਪੀ ਆਈ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਨੇ ਬਲਾਕ ਦੀ ਚੁਣੀ ਗਈ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਟੀਮ ਭਿੱਖੀਵਿੰਡ ਇਲਾਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਔਰਤਾਂ ਨਰੇਗਾ ਵਿੱਚ ਜ਼ਿਆਦਾ ਕੰਮ ਕਰਦੀਆਂ ਹੋਣ ਕਰਕੇ ਬਲਾਕ ਵਿੱਚ ਔਰਤਾਂ ਦੀ ਮੈਂਬਰਸ਼ਿਪ ਤਰਨ ਤਾਰਨ ਜ਼ਿਲ੍ਹੇ ਦੇ ਬਾਕੀ ਬਲਾਕਾਂ ਨਾਲੋਂ ਵਧੇਰੇ ਹੈ ਅਤੇ ਨਵੀਂ ਆਗੂ ਟੀਮ ਔਰਤਾਂ ਦੀ ਹੋਰ ਮੈਂਬਰਸ਼ਿਪ ਵਧਾਏਗੀ।
ਕਾਨਫਰੰਸ ਵਿੱਚ ਫੈਸਲਾ ਕੀਤਾ ਗਿਆ ਕਿ ਸੈਂਟਰ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਜੋ 22 ਦਸੰਬਰ ਨੂੰ ਨਰੇਗਾ ਰੁਜ਼ਗਾਰ ਦੀ ਪ੍ਰਾਪਤੀ ਲਈ ਅਤੇ ਨਰੇਗਾ ਦਾ ਨਾਂਅ ਬਦਲਣ ਵਿਰੁੱਧ ਪ੍ਰਦਰਸ਼ਨ ਕਰਨ ਦਾ ਜੋ ਸੱਦਾ ਦਿੱਤਾ ਗਿਆ ਹੈ, ਉਸ ਸੱਦੇ ਤਹਿਤ ਕਸਬਾ ਅਲਗੋਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੰਤ ਵਿੱਚ ਨਰਿੰਦਰ ਸਿੰਘ ਅਲਗੋਂ ਨੂੰ ਮੁੜ ਬਲਾਕ ਸਕੱਤਰ ਅਤੇ ਸੁਖਦੇਵ ਸਿੰਘ ਕਾਲਾ ਤੇ ਟਹਿਲ ਸਿੰਘ ਲੱਧੂ ਨੂੰ ਮੀਤ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ।