ਚੰਡੀਗੜ੍ਹ (ਗੁਰਜੀਤ ਬਿੱਲਾ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਕੈਰੀਅਰ ਸੇਧ ਸਬੰਧੀ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਆਪਣੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਅਧਾਰਤ ਕੈਰੀਅਰ ਗਾਈਡੈਂਸ ਨੂੰ ਏਕੀ�ਿਤ ਕਰਨ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ 25 ਏ ਆਈ ਅਧਾਰਤ ਕੈਰੀਅਰ ਗਾਈਡੈਂਸ ਲੈਬਾਰਟਰੀਆਂ ਦਾ ਆਗ਼ਾਜ਼ ਕੀਤਾ ਗਿਆ ਹੈ।
ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕੋ ਸਮੇਂ ਇਨ੍ਹਾਂ ਲੈਬਾਰਟਰੀਆਂ ਦਾ ਉਦਘਾਟਨ ਕਰਕੇ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਐਜੂਕੇਸ਼ਨ-ਟੈਕ ਪਾਰਟਨਰ ‘ਬਿਓਂਡ ਮੈਂਟਰ’ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੈਰੀਅਰ ਗਾਈਡੈਂਸ ਦੇਵੇਗਾ। ਬੈਂਸ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਸਹੀ ਸਮੇਂ ’ਤੇ ਸਹੀ ਸਾਧਨਾਂ ਨਾਲ ਸਸ਼ਕਤ ਬਣਾਉਣ ਹੈ। ਉਨ੍ਹਾ ਕਿਹਾ ਕਿ ਪਾਇਲਟ ਪ੍ਰਾਜੈਕਟ ਅਧੀਨ ਕਵਰ ਕੀਤੇ ਗਏ 25 ਸਕੂਲਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੇ ਨਤੀਜੇ ਅਤੇ ਕਾਰਜ-ਕੁਸ਼ਲਤਾ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਇਸ ਪਹਿਲਕਦਮੀ ਦੇ ਸਫ਼ਲਤਾਪੂਰਵਕ ਲਾਗੂ ਕਰਨ ਨਾਲ ਪੰਜਾਬ ਭਰ ਵਿੱਚ ਇਸ ਦੇ ਪੜਾਅਵਾਰ ਵਿਸਥਾਰ ਲਈ ਰਾਹ ਪੱਧਰਾ ਹੋ ਜਾਵੇਗਾ, ਜਿਸ ਨਾਲ ਪੰਜਾਬ ਆਪਣੇ ਜਨਤਕ ਸਿੱਖਿਆ ਢਾਂਚੇ ਵਿੱਚ ਯੋਜਨਾਬੱਧ ਏ ਆਈ ਅਧਾਰਤ ਕੈਰੀਅਰ ਸੇਧ ਨੂੰ ਸ਼ਾਮਲ ਕਰਨ ਵਾਲੇ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ। ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 21ਵੀਂ ਸਦੀ ਦੀ ਆਰਥਿਕਤਾ ਦੀਆਂ ਲੋੜਾਂ ਮੁਤਾਬਕ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਦੀ ਹੈ।
ਉਨ੍ਹਾ ਕਿਹਾ ਕਿ ਕੈਰੀਅਰ ਸੇਧ ਦੀ ਸਹੂਲਤ ਸਿਰਫ਼ ਪੈਸੇ ਵਾਲਿਆਂ ਦਾ ਹੱਕ ਹੀ ਨਹੀਂ ਹੋਣੀ ਚਾਹੀਦੀ ਅਤੇ ਅਸੀਂ ਇਸੇ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ ਏ ਆਈ ਅਧਾਰਤ ਕਾਉਸਲਿੰਗ ਸਹੂਲਤ ਪ੍ਰਦਾਨ ਕਰਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ ਭਾਵੇਂ ਉਸ ਦਾ ਸਮਾਜਿਕ-ਆਰਥਿਕ ਪਿਛੋਕੜ ਕੁਝ ਵੀ ਹੋਵੇ, ਕੋਲ ਆਪਣੇ ਭਵਿੱਖ ਬਾਰੇ ਮਰਜ਼ੀ ਅਨੁਸਾਰ ਚੋਣ ਦਾ ਮੌਕਾ ਹੋਵੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫਾਰਮ ’ਤੇ ਏ ਆਈ ਅਧਾਰਤ ਯੋਗਤਾ ਅਤੇ ਦਿਲਚਸਪੀ ਦੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਹੋਵੇਗਾ। ਇਹ ਸਿਸਟਮ ਇੱਕ ਵਿਅਕਤੀਗਤ ਕਰੀਅਰ ਰਿਪੋਰਟ ਤਿਆਰ ਕਰੇਗਾ, ਜਿਸ ਵਿੱਚ ਵਿਦਿਆਰਥੀ ਦੀਆਂ ਸੰਭਾਵੀ ਅਕਾਦਮਿਕ ਅਤੇ ਕਿੱਤਾਮੁਖੀ ਰੁਚੀਆਂ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਫਿਰ ਪੇਸ਼ੇਵਰ ਸਲਾਹਕਾਰ ਵਿਦਿਆਰਥੀਆਂ ਨਾਲ ਵਨ-ਟੂ-ਵਨ ਸੈਸ਼ਨ ਕਰਨਗੇ, ਜਿਸ ਵਿੱਚ ਮਾਪਿਆਂ ਨੂੰ ਸ਼ਾਮਲ ਕਰਕੇ ਰਿਪੋਰਟ ’ਤੇ ਚਰਚਾ ਕਰਦਿਆਂ ਇੱਕ ਕਾਰਜਸ਼ੀਲ ਯੋਜਨਾ ਤਿਆਰ ਕੀਤੀ ਜਾਵੇਗੀ।ਉਨ੍ਹਾ ਕਿਹਾ ਕਿ ਇਹ ਮਾਡਲ ਰਵਾਇਤੀ ਢੰਗ-ਤਰੀਕਿਆਂ ਤੋਂ ਵੱਖਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਸ਼ੁਰੂਆਤੀ ਪੜਾਅ 6ਵੀਂ ਜਮਾਤ ਤੋਂ ਹੀ ਵਿਦਿਆਰਥੀਆਂ ਦੀ ਰੁਚੀ ਮੁਤਾਬਕ ਵਿਅਕਤੀਗਤ, ਡੇਟਾ-ਅਧਾਰਤ ਸੇਧ ਪ੍ਰਦਾਨ ਕੀਤੀ ਜਾ ਸਕੇ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪ੍ਰੀਖਿਆ-ਕੇਂਦਰਤ ਸਿੱਖਿਆ ਤੋਂ ਸੰਪੂਰਨ ਵਿਕਾਸ ਵੱਲ ਤਬਦੀਲੀ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੱਚੀ ਸਿੱਖਿਆ ਉਹੀ ਹੈ, ਜੋ ਤੁਹਾਡੇ ਲਈ ਸੁਨਹਿਰੀ ਭਵਿੱਖ ਦੇ ਰਾਹ ਨੂੰ ਖੋਲ੍ਹੇ। ਇਹ ਲੈਬਾਟਰੀਆਂ ਵਿਦਿਆਰਥੀਆਂ ਨੂੰ ਨੰਬਰਾਂ ਦੀ ਦੌੜ ਦੇ ਪੁਰਾਣੇ ਢੰਗ-ਤਰੀਕਿਆਂ ਨਾਲੋਂ ਹਟ ਕੇ ਆਪਣੇ ਕੁਦਰਤੀ ਹੁਨਰ ਨੂੰ ਪਛਾਣਦਿਆਂ ਇਸਨੂੰ ਠੋਸ ਕੈਰੀਅਰ ਟੀਚਿਆਂ ਵੱਲ ਸੇਧਿਤ ਕਰਨ ਵਿੱਚ ਮਦਦ ਕਰਨਗੀਆਂ।
ਬਿਓਂਡ ਮੈਂਟਰ ਦੇ ਸੀ ਈ ਓ ਸੌਰਵ ਕੁਮਾਰ ਨੇ ਕਿਹਾ ਕਿ ਸਾਡਾ ਪਲੇਟਫਾਰਮ ਤਕਨਾਲੋਜੀ ਨੂੰ ਮਨੁੱਖੀ ਭਾਵਨਾਵਾਂ ਅਤੇ ਰੁਚੀਆਂ ਨਾਲ ਜੋੜਦਾ ਹੈ। ਏ ਆਈ ਸਕੇਲੇਬਲ ਮੁਲਾਂਕਣ ਨੂੰ ਸੰਭਾਲਦਾ ਹੈ ਅਤੇ ਕਾਊਂਸਲਿੰਗ ਦਾ ਕੰਮ ਪੇਸ਼ੇਵਰ ਦੇਖਦੇ ਹਨ, ਜਿਸ ਦੌਰਾਨ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰੇਕ ਬੱਚਾ ਆਪਣੀ ਗੱਲ ਖੁੱਲ੍ਹ ਕੇ ਰੱਖ ਸਕੇ ਅਤੇ ਉਸ ਨੂੰ ਆਪਣੀ ਰੁਚੀ ਮੁਤਾਬਕ ਸਹੀ ਸੇਧ ਮਿਲੇ।





