ਸਸਤੇ ਡਰਾਈ ਫਰੂਟ ਦੇ ਲਾਲਚ ’ਚ ਫਸਿਆ ‘ਯੁਧਿਸ਼ਟਰ’

0
42

ਮੁੰਬਈ : ਮਸ਼ਹੂਰ ਟੀ ਵੀ ਲੜੀ ‘ਮਹਾਂਭਾਰਤ’ ਵਿੱਚ ਯੁਧਿਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਗਜੇਂਦਰ ਚੌਹਾਨ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਨਾਲ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰੀ। ਹਾਲਾਂਕਿ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਪੈਸੇ ਬਚਾ ਲਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਓਸ਼ੀਵਾਰਾ ਪੁਲਸ ਸਟੇਸ਼ਨ ਦੇ ਅਧਿਕਾਰੀ ਅਨੁਸਾਰ, ਉਹ ਠੱਗੀ ਗਈ ਰਕਮ ਨੂੰ ਫਰੀਜ਼ (ਰੋਕਣ) ਕਰਨ ਵਿੱਚ ਕਾਮਯਾਬ ਰਹੇ ਅਤੇ ਸਫਲਤਾਪੂਰਵਕ ਪੈਸੇ ਅਦਾਕਾਰ ਦੇ ਖਾਤੇ ਵਿੱਚ ਵਾਪਸ ਕਰਵਾ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਚੌਹਾਨ ਨੇ ਹਾਲ ਹੀ ਵਿੱਚ ਪੁਲਸ ਸਟੇਸ਼ਨ ਜਾ ਕੇ ਸਟਾਫ ਦੀ ਤੁਰੰਤ ਕਾਰਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕੁੱਝ ਦਿਨ ਪਹਿਲਾਂ ਚੌਹਾਨ ਨੇ ਫੇਸਬੁੱਕ ’ਤੇ ਇੱਕ ਵਿਗਿਆਪਨ ਦੇਖਿਆ ਸੀ, ਜਿਸ ਵਿੱਚ ਸਸਤੇ ਭਾਅ ’ਤੇ ਡਰਾਈ ਫਰੂਟਸ (ਸੁੱਕੇ ਮੇਵੇ) ਦੇਣ ਦਾ ਆਫਰ ਸੀ। ਆਰਡਰ ਦੇਣ ਲਈ ਜਿਵੇਂ ਹੀ ਉਨ੍ਹਾਂ ਨੇ ਦਿੱਤੇ ਗਏ ਲਿੰਕ ’ਤੇ ਕਲਿੱਕ ਕੀਤਾ, ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਓ ਟੀ ਪੀ ਪ੍ਰਾਪਤ ਹੋਇਆ। ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਰਡਰ ਦੀ ਪੁਸ਼ਟੀ ਕਰਨ ਲਈ ਓ ਟੀ ਪੀ ਦਰਜ ਕੀਤਾ, ਉਨ੍ਹਾਂ ਨੂੰ ਬੈਂਕ ਖਾਤੇ ਵਿੱਚੋਂ 98,000 ਰੁਪਏ ਕੱਟੇ ਜਾਣ ਦਾ ਮੈਸੇਜ਼ ਮਿਲਿਆ। ਇਹ ਅਹਿਸਾਸ ਹੋਣ ’ਤੇ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ, ਅਦਾਕਾਰ ਤੁਰੰਤ ਓਸ਼ੀਵਾਰਾ ਪੁਲਸ ਸਟੇਸ਼ਨ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਨ੍ਹਾਂ ਦੇ ਬੈਂਕ ਸਟੇਟਮੈਂਟ ਦੀ ਜਾਂਚ ਕੀਤੀ ਅਤੇ ਉਸ ਖਾਤੇ ਦਾ ਪਤਾ ਲਗਾਇਆ, ਜਿੱਥੇ ਪੈਸੇ ਭੇਜੇ ਗਏ ਸਨ। ਪੁਲਸ ਨੇ ਤੁਰੰਤ ਸੰਬੰਧਤ ਬੈਂਕਾਂ ਦੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਅਤੇ ਲੈਣ-ਦੇਣ ਨੂੰ ਰੁਕਵਾ ਦਿੱਤਾ। ਬਾਅਦ ਵਿੱਚ ਪੈਸੇ ਅਦਾਕਾਰ ਦੇ ਖਾਤੇ ਵਿੱਚ ਵਾਪਸ ਆ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।