ਨਵੀਂ ਦਿੱਲੀ : ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ (89) ਦਾ ਮੰਗਲਵਾਰ ਦੇਹਾਂਤ ਹੋ ਗਿਆ। ਸਾਹ ਦੀ ਗੰਭੀਰ ਬਿਮਾਰੀ ਕਾਰਨ ਉਹ 2 ਦਸੰਬਰ ਤੋਂ ਏਮਜ਼ ਵਿੱਚ ਦਾਖਲ ਸਨ। ਸ਼ੁਕਲਾ ਨੂੰ ਟਾਈਪ-2 ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵੀ ਸੀ। ਸ਼ੁਕਲਾ ਦਾ ਜਨਮ 1 ਜਨਵਰੀ, 1937 ਨੂੰ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਹੋਇਆ। ਸਿੱਖਿਆ ਨੂੰ ਆਪਣੇ ਪੇਸ਼ੇ ਵਜੋਂ ਚੁਣਨ ਤੋਂ ਬਾਅਦ ਉਨ੍ਹਾ ਬਹੁਤਾ ਸਮਾਂ ਸਾਹਿਤਕ ਸਿਰਜਣਾ ਨੂੰ ਸਮਰਪਤ ਕੀਤਾ। ਉਹ ਸਰਲ ਭਾਸ਼ਾ, ਡੂੰਘੀ ਸੰਵੇਦਨਸ਼ੀਲਤਾ ਤੇ ਸਿਰਜਣਾਤਮਕ ਲੇਖਣੀ ਲਈ ਜਾਣੇ ਜਾਂਦੇ ਸਨ। ਉਨ੍ਹਾ ਨੂੰ 2024 ਵਿੱਚ 59ਵਾਂ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ 12ਵੇਂ ਹਿੰਦੀ ਸਾਹਿਤਕਾਰ ਸਨ ਤੇ ਛੱਤੀਸਗੜ੍ਹ ਦੇ ਪਹਿਲੇ ਲੇਖਕ। ਲੇਖਕ, ਕਵੀ ਤੇ ਨਾਵਲਕਾਰ ਸ਼ੁਕਲਾ ਨੇ ਨਾਵਲ ਅਤੇ ਕਵਿਤਾ ਦੋਵਾਂ ’ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾ ਦੀ ਪਹਿਲੀ ਪ੍ਰਕਾਸ਼ਤ ਰਚਨਾ ‘ਆਲਮੋਸਟ ਜੈ ਹਿੰਦ’ (1971) ਸੀ। ਉਨ੍ਹਾ ਦੇ ਪ੍ਰਮੁੱਖ ਨਾਵਲਾਂ ਵਿੱਚ ਨੌਕਰ ਕੀ ਸ਼ਰਟ, ਦੇਅਰ ਵਾਜ਼ ਏ ਵਿੰਡੋ ਇਨ ਦ ਵਾਲ ਅਤੇ ਖਿਲੇਗਾ ਤੋ ਦੇਖੇਂਗੇ ਸ਼ਾਮਲ ਹਨ। ਫਿਲਮ ਨਿਰਮਾਤਾ ਮਨੀ ਕੌਲ ਨੇ 1979 ਵਿੱਚ ਪ੍ਰਕਾਸ਼ਤ ‘ਨੌਕਰ ਕੀ ਕਮੀਜ਼’ ਨੂੰ ਇਸੇ ਨਾਂਅ ਦੀ ਇੱਕ ਫਿਲਮ ਵਿੱਚ ਬਦਲਿਆ। ਉਨ੍ਹਾ ਦੇ ਨਾਵਲ ‘ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ’ ਨੇ ਸਾਹਿਤ ਅਕਾਦਮੀ ਪੁਰਸਕਾਰ ਵੀ ਜਿੱਤਿਆ। ਉਨ੍ਹਾ ਹਿੰਦੀ ਸਾਹਿਤ ਵਿੱਚ ਪ੍ਰਯੋਗਾਤਮਕ ਲਿਖਤ ਦੇ ਨਵੇਂ ਪਹਿਲੂ ਸਥਾਪਤ ਕੀਤੇ। ਉਨ੍ਹਾ ਲੋਕ ਕਹਾਣੀਆਂ ਅਤੇ ਆਧੁਨਿਕ ਮਨੁੱਖ ਦੀਆਂ ਗੁੰਝਲਦਾਰ ਇੱਛਾਵਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਨਵੀਂ ਬਿਰਤਾਂਤਕ ਬਣਤਰ ਬਣਾਈ।





