ਜੈਪੁਰ : ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਪਿੰਡ ਗਾਜ਼ੀਪੁਰ ਵਿੱਚ ਸੂੰਢਮਾਤਾ ਪੱਤੀ ਵਿੱਚ ਚੌਧਰੀ ਭਾਈਚਾਰੇ ਦੀ ਐਤਵਾਰ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 15 ਪਿੰਡਾਂ ਵਿੱਚ ਧੀਆਂ ਤੇ ਨੂੰਹਾਂ ਵਿਆਹਾਂ, ਜਨਤਕ ਇਕੱਠਾਂ ਤੇ ਗੁਆਂਢੀਆਂ ਦੇ ਜਾਣ ਵੇਲੇ ਕੈਮਰੇ ਵਾਲੇ ਫੋਨ ਇਸਤੇਮਾਲ ਨਹੀਂ ਕਰ ਸਕਣਗੀਆਂ। ਇਹ ਫਰਮਾਨ 26 ਜਨਵਰੀ ਤੋਂ ਲਾਗੂ ਹੋ ਜਾਵੇਗਾ। ਤਾਂ ਵੀ, ਉਹ ਬੇਸਿਕ ਕੀਪੈਡ ਵਾਲੇ ਫੋਨ ਵਰਤ ਸਕਣਗੀਆਂ। ਪੜ੍ਹਨ ਵਾਲੀਆਂ ਕੁੜੀਆਂ ਨੂੰ ਘਰ ਵਿੱਚ ਸਮਾਰਟ ਫੋਨ ਵਰਤਣ ਦੀ ਖੁੱਲ੍ਹ ਹੋਵੇਗੀ। ਇਸ ਫੈਸਲੇ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਬੀਬੀਆਂ ਵੱਲੋਂ ਸਮਾਰਟ ਫੋਨਾਂ ਦੀ ਜ਼ਿਆਦਾ ਵਰਤੋਂ ਨਾਲ ਉਨ੍ਹਾਂ ਨਾਲ ਰਹਿੰਦੇ ਬੱਚਿਆਂ ਦੀਆਂ ਅੱਖਾਂ ’ਤੇ ਬੁਰਾ ਅਸਰ ਪੈਂਦਾ ਹੈ। ਜਲੌਰ ਵਿੱਚ ਪਿਛਲੇ ਸਾਲ ਮੁੰਡੇ-ਕੁੜੀ ਵੱਲੋਂ ਪ੍ਰੇਮ ਵਿਆਹ ਕਰਾਉਣ ’ਤੇ ਦੋਹਾਂ ਦੇ ਪਰਵਾਰਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਤੇ ਭਾਈਚਾਰੇ ਵਿੱਚ ਵਾਪਸੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। ਜੋੜੇ ਨੇ ਭੀਨਮਲ ਥਾਣੇ ਕੋਲ ਪਹੁੰਚ ਕੀਤੀ ਤਾਂ ਬਹੁਤੇ ਬਜ਼ੁਰਗ ਮੁਆਫ ਕਰਨ ਲਈ ਮੰਨ ਗਏ, ਪਰ ਕੁਝ ਨੇ ਬਾਈਕਾਟ ਨੂੰ ਜਾਇਜ਼ ਠਹਿਰਾਇਆ।





