ਝਬਾਲ (ਹਰਜਿੰਦਰ ਸਿੰਘ ਸੋਨੀ)-ਪਿੰਡ ਜਗਤਪੁਰਾ ਵਿਖੇ ਬੁੱਧਵਾਰ ਸ਼ਾਮ ਤੋਂ ਲਾਪਤਾ ਨਰਸਰੀ ਕਲਾਸ ਦੇ ਸੱਤ ਸਾਲ ਦੇ ਮਨਰਾਜ ਸਿੰਘ ਪੁੱਤਰ ਸਤਨਾਮ ਸਿੰਘ ਦੀ ਲਾਸ਼ ਪਿੰਡ ਵਿੱਚ ਲਾਵਾਰਸ ਪਏ ਇੱਕ ਮਕਾਨ ਦੇ ਕਮਰੇ ਵਿੱਚੋਂ ਮਿਲੀ। ਜਾਣਕਾਰੀ ਦਿੰਦਿਆਂ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਮਨਰਾਜ ਲਗਭਗ ਤਿੰਨ ਵਜੇ ਆਪਣੇ ਕੋਠੇ ’ਤੇ ਪਤੰਗ ਉਡਾ ਰਿਹਾ ਸੀ ਕਿ ਰਿਸ਼ਤੇ ਵਿੱਚੋਂ ਲੱਗਦੇ ਚਾਚੇ ਦਾ ਮੁੰਡਾ ਉਸ ਨੂੰ ਕੋਠੇ ਤੋਂ ਲਾਹ ਕੇ ਲੈ ਕੇ ਗਿਆ ਪ੍ਰੰਤੂ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ। ਲੱਭਣ ’ਤੇ ਕਮਰੇ ਵਿੱਚ ਤੂੜੀ ’ਤੇ ਬੱਚਾ ਮਿ੍ਰਤਕ ਹਾਲਤ ਵਿੱਚ ਮਿਲਿਆ। ਬੱਚੇ ਦੀਆਂ ਚੱਪਲਾਂ ਨੇੜੇ ਹੀ ਕਮਰੇ ’ਚ ਬਣੀ ਅੰਗੀਠੀ ਉੱਪਰ ਪਈਆਂ ਹੋਈਆਂ ਸਨ। ਬੱਚਾ ਪਿੰਡ ਮੀਆਂਪੁਰ ਵਿਖੇ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ। ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।





