ਚੰਡੀਗੜ੍ਹ : ਬਿਹਾਰ ਦੇ ਸੁਪੌਲ ਜ਼ਿਲ੍ਹੇ ਤੋਂ ਇੱਕ ਅਨੋਖੀ ਅਤੇ ਚਰਚਿਤ ਘਟਨਾ ਸਾਹਮਣੇ ਆਈ ਹੈ। ਤਿ੍ਰਵੇਣੀਗੰਜ ਸਬ-ਡਵੀਜ਼ਨ ਦੇ ਨਗਰ ਕੌਂਸਲ ਖੇਤਰ ਦੇ ਵਾਰਡ ਨੰਬਰ 18 ਵਿੱਚ ਰਹਿਣ ਵਾਲੀਆਂ ਦੋ ਮੁਟਿਆਰਾਂ ਨੇ ਆਪਸੀ ਸਹਿਮਤੀ ਨਾਲ ਸਮਲਿੰਗੀ ਵਿਆਹ ਕਰ ਲਿਆ ਹੈ। ਇਸ ਵਿਆਹ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਦੋਵਾਂ ਮੁਟਿਆਰਾਂ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਹੋਈ ਸੀ।
ਹੌਲੀ-ਹੌਲੀ ਗੱਲਬਾਤ ਦੋਸਤੀ ਵਿੱਚ ਬਦਲ ਗਈ ਅਤੇ ਫਿਰ ਇਹ ਰਿਸ਼ਤਾ ਪ੍ਰੇਮ ਸਬੰਧਾਂ ਵਿੱਚ ਤਬਦੀਲ ਹੋ ਗਿਆ। ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਸਮਝਣ ਅਤੇ ਨਾਲ ਰਹਿਣ ਤੋਂ ਬਾਅਦ ਦੋਵਾਂ ਨੇ ਉਮਰ ਭਰ ਸਾਥ ਨਿਭਾਉਣ ਦਾ ਫੈਸਲਾ ਕੀਤਾ। ਮੰਗਲਵਾਰ ਦੇਰ ਰਾਤ ਦੋਵੇਂ ਮੁਟਿਆਰਾਂ ਤਿ੍ਰਵੇਣੀਗੰਜ ਮੇਲਾ ਗਰਾਊਂਡ ਸਥਿਤ ਇੱਕ ਮੰਦਰ ਵਿੱਚ ਪਹੁੰਚੀਆਂ, ਜਿੱਥੇ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕੀਤਾ ਗਿਆ। ਦੱਸਿਆ ਗਿਆ ਕਿ ਦੋਵਾਂ ਨੇ ਗੈਸ ਚੁੱਲ੍ਹੇ ਦੇ ਚਾਰੇ ਪਾਸੇ ਸੱਤ ਫੇਰੇ ਲੈ ਕੇ ਇੱਕ-ਦੂਜੇ ਦਾ ਹੱਥ ਫੜਿਆ। ਉਸ ਸਮੇਂ ਮੰਦਰ ਵਿੱਚ ਬਹੁਤ ਘੱਟ ਲੋਕ ਮੌਜੂਦ ਸਨ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਮੁਟਿਆਰਾਂ ਪਿਛਲੇ ਦੋ ਮਹੀਨਿਆਂ ਤੋਂ ਵਾਰਡ 18 ਵਿੱਚ ਕਿਰਾਏ ਦੇ ਕਮਰੇ ਵਿੱਚ ਇਕੱਠੀਆਂ ਰਹਿ ਰਹੀਆਂ ਸਨ ਅਤੇ ਇੱਕੋ ਮਾਲ ਵਿੱਚ ਕੰਮ ਕਰਦੀਆਂ ਹਨ। ਨਵ-ਵਿਆਹੀਆਂ ਮੁਟਿਆਰਾਂ ਦੀ ਪਛਾਣ ਮਧੇਪੁਰਾ ਜ਼ਿਲ੍ਹੇ ਦੇ ਮੁਰਲੀਗੰਜ ਦੀ ਰਹਿਣ ਵਾਲੀ ਪੂਜਾ ਗੁਪਤਾ (21) ਅਤੇ ਸ਼ੰਕਰਪੁਰ ਥਾਣਾ ਖੇਤਰ ਦੀ ਕਾਜਲ ਕੁਮਾਰੀ (18) ਵਜੋਂ ਹੋਈ ਹੈ। ਦੋਵਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਲਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੀਆਂ ਹਨ। ਪੂਜਾ ‘ਲਾੜਾ’ ਬਣੀ ਅਤੇ ਕਾਜਲ ‘ਲਾੜੀ’।





