ਨਵੀਂ ਦਿੱਲੀ : ਫੀਫਾ ਦਾ ਜ਼ੀ ਐਂਟਰਟੇਨਮੈਂਟ ਨਾਲ ਸਮਝੌਤਾ ਹੋ ਜਾਣ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਕੱਪ ਫੁੱਟਬਾਲ ਦੇ ਮੈਚਾਂ ਦੇ ਸਿੱਧੇ ਪ੍ਰਸਾਰਨ ਬਾਰੇ ਸਸਪੈਂਸ ਖਤਮ ਹੋ ਗਿਆ। ਦੱਸਿਆ ਜਾਂਦਾ ਹੈ ਕਿ ਫੀਫਾ ਨੇ ਕਥਿਤ ਤੌਰ ‘ਤੇ 2026 ਅਤੇ 2030 ਦੇ ਵਿਸ਼ਵ ਕੱਪ ਟੂਰਨਾਮੈਂਟਾਂ ਲਈ ਲਗਭਗ 10 ਕਰੋੜ ਡਾਲਰ ਦੀ ਮੰਗ ਕੀਤੀ ਸੀ ਤੇ ਓੜਕ 6 ਕਰੋੜ ਡਾਲਰ ‘ਚ ਸੌਦਾ ਹੋ ਗਿਆ। ਇਹ ਸਮਝੌਤਾ 11 ਜੂਨ ਨੂੰ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਟੂਰਨਾਮੈਂਟ ਸ਼ੁਰੂ ਹੋਣ ਤੋਂ ਸਿਰਫ 10 ਦਿਨ ਪਹਿਲਾਂ ਹੋਇਆ ਹੈ। ਬਹੁਤ ਸਾਰੇ ਮੈਚ ਭਾਰਤੀ ਦਰਸ਼ਕਾਂ ਲਈ ਅਜੀਬ ਘੰਟਿਆਂ ‘ਤੇ ਖੇਡੇ ਜਾਣਗੇ। ਮੇਜ਼ਬਾਨ ਸ਼ਹਿਰਾਂ ਅਤੇ ਭਾਰਤ ਵਿਚਕਾਰ 10-12 ਘੰਟੇ ਦੇ ਸਮੇਂ ਦਾ ਅੰਤਰ ਹੋਵੇਗਾ। ਭਾਰਤ ਲਈ ਕੁੱਲ 104 ਵਿਸ਼ਵ ਕੱਪ ਮੈਚਾਂ ਵਿੱਚੋਂ ਸਿਰਫ 14 ਅੱਧੀ ਰਾਤ ਤੋਂ ਪਹਿਲਾਂ ਸ਼ੁਰੂ ਹੋਣਗੇ।
ਦਿੱਲੀ ਦਾ ਚੌਕ ‘ਮਿੰਨਾ’ ਦੇ ਨਾਂਅ ‘ਤੇ
ਨਵੀਂ ਦਿੱਲੀ (ਨ ਜ਼ ਸ)-ਮਰਹੂਮ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ, ਜਿਨ੍ਹਾ ਨੂੰ ‘ਅਸ਼ਵਨੀ ਮਿੰਨਾ’ ਵਜੋਂ ਜਾਣਿਆ ਜਾਂਦਾ ਸੀ, ਨੂੰ ਸਨਮਾਨ ਦੇਣ ਲਈ ਦਿੱਲੀ ਸਰਕਾਰ ਨੇ ਸ਼ਕੂਰਪੁਰ ਸਥਿਤ ‘ਬ੍ਰਿਟੇਨੀਆ ਚੌਕ’ ਦਾ ਨਾਂਅ ਬਦਲ ਕੇ ‘ਅਸ਼ਵਨੀ ਚੋਪੜਾ (ਮਿੰਨਾ) ਚੌਕ’ ਰੱਖ ਦਿੱਤਾ ਹੈ। ਮਿੰਨਾ 2014 ਵਿੱਚ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਵੀ ਚੁਣੇ ਗਏ ਸਨ। ਕੈਂਸਰ ਨਾਲ ਲੜਦਿਆਂ 18 ਜਨਵਰੀ 2020 ਨੂੰ ਉਨ੍ਹਾ ਦਾ ਦੇਹਾਂਤ ਹੋ ਗਿਆ ਸੀ।
ਪਠਾਨਕੋਟ-ਬੈਜਨਾਥ ਰੇਲ ਸੇਵਾ ਬਹਾਲ
ਜਲੰਧਰ (ਨ ਜ਼ ਸ)-ਚੱਕੀ ਦਰਿਆ ‘ਤੇ ਪੁਲ ਦੀ 70 ਕਰੋੜ ਨਾਲ ਮੁੜ-ਉਸਾਰੀ ਤੋਂ ਬਾਅਦ ਪਠਾਨਕੋਟ ਅਤੇ ਬੈਜਨਾਥ-ਪਪਰੋਲਾ-ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਸਵਾ ਚਾਰ ਸਾਲ ਬਾਅਦ ਮੰਗਲਵਾਰ ਬਹਾਲ ਹੋ ਗਈ। ਪਠਾਨਕੋਟ ਤੋਂ 7 ਡੱਬਿਆਂ ਵਾਲੀ ਟਰੇਨ ਸਵੇਰੇ ਪੰਜ ਤੇ ਸੱਤ ਵਜੇ ਚੱਲੇਗੀ। ਪਠਾਨਕੋਟ ਤੋਂ ਬੈਜਨਾਥ ਤੱਕ ਬੱਸ ਦਾ ਸਫਰ ਕਰੀਬ 340 ਰੁਪਏ ਵਿੱਚ ਪੈਂਦਾ ਸੀ, ਜਦਕਿ ਟਰੇਨ ‘ਚ ਸਿਰਫ 35 ਰੁਪਏ ਲੱਗਣਗੇ।
ਜਲੰਧਰ ਦਾ ਜੂਨੀਅਰ ਰੈਜ਼ੀਡੈਂਟ ਡਾਕਟਰ ਮ੍ਰਿਤ ਮਿਲਿਆ
ਚੰਡੀਗੜ੍ਹ (ਨ ਜ਼ ਸ)-ਮੰਗਲਵਾਰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਟਰਾਮਾ ਸੈਂਟਰ ਦੇ ਵਾਸ਼ਰੂਮ ਵਿੱਚ ਜਲੰਧਰ ਦੇ ਡਾਕਟਰ ਯੋਗੇਸ਼ ਦੀ ਲਾਸ਼ ਮਿਲੀ। ਉਹ ਇੰਟਰਨਲ ਮੈਡੀਸਨ ਵਿਭਾਗ ‘ਚ ਜੂਨੀਅਰ ਰੈਜ਼ੀਡੈਂਟ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।
30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
ਵਾਸ਼ਿੰਗਟਨ : ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਲੱਗਭੱਗ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਨ੍ਹਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਹਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਹੀਂ ਸੀ। ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਸਾਰਿਆਂ ਖ਼ਿਲਾਫ਼ ਸੰਘੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।




