ਚੇਤਨਾ ਕੈਂਪ ‘ਚ ਕਿਤਾਬਾਂ ਵੱਲ ਮੁਹਾਰਾਂ ਮੋੜਨ ਦਾ ਸੱਦਾ

0
8
ਜਲੰਧਰ (ਨ ਜ਼ ਸ)
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਚੱਲ ਰਹੇ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ‘ਸਮਾਜ ਅੰਦਰ ਫੈਲਾਏ ਜਾ ਰਹੇ ਅੰਧ-ਵਿਸ਼ਵਾਸ਼ ਦੇ ਹਨੇਰੇ ਨੂੰ ਦੂਰ ਕਰਨ ਲਈ ਵਿਗਿਆਨਕ ਚੇਤਨਾ ਦੀ ਲੋੜ’ ਵਿਸ਼ੇ ‘ਤੇ ਬੋਲਦੇ ਹੋਏ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਮਾਸਟਰ ਰਾਜਿੰਦਰ ਭਦੌੜ ਨੇ ਕਿਹਾ ਕਿ ਗੈਬੀ ਸ਼ਕਤੀਆਂ ਦਾ ਅਡੰਬਰ ਰਚਕੇ ਅਸਲ ‘ਚ ਲੋਕਾਂ ਖ਼ਿਲਾਫ਼ ਸਰਗਰਮ ਸ਼ਕਤੀਆਂ ਆਪਣੇ ਸੌੜੇ ਮੰਤਵਾਂ ਦੀ ਪੂਰਤੀ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ। ਉਨ੍ਹÎਾਂ ਕਿਹਾ ਕਿ ਬੌਧਿਕ ਵਿਕਾਸ ਅਤੇ ਸਮਾਜਕ ਸਰੋਕਾਰਾਂ ਦੇ ਸੰਗੀ ਸਾਥੀ ਬਣ ਕੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਵਿਗਿਆਨਕ ਚੇਤਨਾ ਨਾਲ ਲੈਸ ਹੋਈਏ। ਅਸੀਂ ਸੁਆਲ ਕਰਨਾ, ਵਰਤਾਰਿਆਂ ਨੂੰ ਸਮਝਣ ਅਤੇ ਹਕੀਕਤਮੁਖੀ ਹੋ ਕੇ ਆਪਣੀ ਨਿੱਜੀ ਜ਼ਿੰਦਗੀ ਤੋਂ ਉਪਰ ਉੱਠ ਕੇ ਸਮਾਜਕ ਫ਼ਰਜ਼ਾਂ ਨੂੰ ਤਰਜੀਹ ਦੇਣ ਦੀ ਜਾਂਚ ਸਿੱਖਿਏ। ਭਦੌੜ ਨੇ ਕਿਹਾ ਕਿ ਸਮਾਜ ਦੀ ਆਲੋਚਨਾਤਮਕ ਦ੍ਰਿਸ਼ਟੀ ਨੂੰ ਫ਼ਨਾਹ ਕਰਨਾ ਅਜੋਕੇ ਪ੍ਰਬੰਧ ਦੀ ਅਣਸਰਦੀ ਲੋੜ ਹੈ ਕਿਉਂਕਿ ਇਹ ਸਿਸਟਮ ਕੂੜ ਅਤੇ ਅੰਧਵਿਸ਼ਵਾਸੀ ਦੀਆਂ ਬੋਦੀਆਂ ਨੀਹਾਂ ਉਪਰ ਡਿਕਡੋਲੇ ਖਾ ਰਿਹੈ ਜਿਸ ਨੂੰ ਡਿਗ ਜਾਣ ਦਾ ਭੈਅ ਵੱਢ-ਵੱਢ ਖਾ ਰਿਹੈ।
ਅੰਮ੍ਰਿਤਪਾਲ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਗੁਰਲੀਨ ਬਠਿੰਡਾ, ਰੀਆ ਚੰਡੀਗੜ੍ਹ, ਵਿਵੇਕ ਰੱਤੂ ਕੁਲੇਵਾਲ, ਪਾਵੇਲ ਸਿਹੌੜਾ, ਸੁਖਪ੍ਰੀਤ ਕੌਰ, ਵਿਵੇਕ ਕੁਮਾਰ ਅਤੇ ਗੁਰਵਿੰਦਰਪਾਲ ਬਠਿੰਡਾ ਨੇ ਬਹੁਤ ਹੀ ਮਹੱਤਵਪੂਰਣ ਸੁਆਲ ਕੀਤੇ ਜਿਨ੍ਹਾਂ ਦੇ ਠੋਸ ਉਦਾਹਰਣਾਂ ਦੇ ਹਵਾਲਿਆਂ ਨਾਲ ਰਾਜਿੰਦਰ ਭਦੌੜ ਨੇ ਜਵਾਬ ਦਿੰਦੇ ਹੋਏ ਉਹਨਾਂ ਨੇ ਸਿਖਿਆਰਥੀਆਂ ਵਿੱਚ ਵਧ ਫੁਲ ਰਹੀ ਸੂਝ-ਬੂਝ ‘ਤੇ ਪ੍ਰਸੰਨਤਾ ਪ੍ਰਗਟ ਕੀਤੀ।
ਦੂਜੇ ਸੈਸ਼ਨ ‘ਚ ‘ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ’ ਵਿਸ਼ੇ ਉਪਰ ਬੋਲਦਿਆਂ ਡਾ. ਕੁਲਦੀਪ ਦੀਪ ਨੇ ਕਿਹਾ ਕਿ ਸੋਸ਼ਲ ਮੀਡੀਆ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਚੀਜ਼ਾਂ ਨੂੰ ਬਾਜ਼ਾਰ ਰੂਪੀ ਦ੍ਰਿਸ਼ਟੀ ਤੋਂ ਵਾਇਰਲ ਤਾਂ ਕਰ ਸਕਦਾ ਪਰ ਸੋਸ਼ਲ ਮੀਡੀਆ ਦੇ ਇਸ ਤੰਤਰ ਰਾਹੀਂ ਸਾਡੇ ਸਮਾਜ ਦੀ ਸਿਰਜਣਾਤਮਕਤਾ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਡਾ. ਦੀਪ ਨੇ ਆਪਣੇ ਭਾਸ਼ਣ ਨੂੰ ਮੂਲੋਂ ਹੀ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕਰਦਿਆਂ ਸਿਖਿਆਰਥੀਆਂ ਨਾਲ ਸੁਆਲ-ਜਵਾਬ ਦੇ ਰੂਪ ਵਿੱਚ ਸੰਵਾਦ ਸਿਰਜਿਆ ਜਿਸ ਵਿੱਚ ਸਿਖਿਆਰਥੀ ਖੁਭ ਕੇ ਜੁੜੇ ਰਹੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਏ.ਆਈ. ਆਧੁਨਿਕ ਤਕਨੀਕ ਦੇ ਨਾਂਅ ‘ਤੇ ਅਜਿਹੇ ਵਾਤਾਵਰਣ ਦਾ ਧੂੰਆਂ ਪੈਦਾ ਕਰ ਰਖਿਆ ਹੈ ਕਿ ਅਸੀਂ ਬੁਰੀ ਤਰ੍ਹਾਂ ਇਸ ਦੇ ਮੱਕੜ ਜਾਲ ਵਿੱਚ ਫਸ ਰਹੇ ਹਾਂ। ਬਾਜ਼ਾਰ, ਰਾਜਨੀਤੀ ਅਤੇ ਪ੍ਰਬੰਧਕੀ ਢਾਂਚਾ ਸਾਨੂੰ ਜ਼ਿੰਦਗੀ ਦੇ ਹਕੀਕੀ ਮਾਰਗ ਤੋਂ ਕੋਹਾਂ ਦੂਰ ਰੱਖ ਰਿਹਾ ਹੈ। ਹੁਣ ਬਹੁਤ ਕੁੱਝ ਜਾਣ ਬੁੱਝ ਕੇ ਭਰਮ ਭਰਿਆ ਅਤੇ ਗੁੰਮਰਾਹਕੁਨ ਗ਼ੁਬਾਰ ਖੜ੍ਹਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿੰਦਗੀ ਦੀ ਹਕੀਕੀ ਲੜਾਈ ਮੱਛਰਦਾਨੀ ਤੋਂ ਬਾਹਰ ਆ ਕੇ ਲੜਨ ਲਈ ਕਾਵਿਕ ਬੋਲਾਂ ਨੂੰ ਹਕੀਕੀ ਰੂਪ ਦੇਣ ਦੀ ਲੋੜ ਹੈ ਕਿਉਂਕਿ ਜ਼ਿੰਦਗੀ ਦੇ ਮੂਲ ਮੁੱਦਿਆਂ ਦੀ ਜਦੋਂ ਜਹਿਦ ਸਿਰਫ਼ ਸੋਸ਼ਲ ਮੀਡੀਆ ‘ਤੇ ਹੀ ਨਹੀਂ ਸਗੋਂ ਜ਼ਮੀਨ ‘ਤੇ ਉੱਤਰ ਕੇ ਕਰਨੀ ਪਵੇਗੀ।
ਵਰਵਰਾ ਰਾਓ, ਗੋਬਿੰਦ ਪਨਸਾਰੇ, ਗੌਰੀ ਲੰਕੇਸ਼, ਸਫ਼ਦਰ ਹਾਸ਼ਮੀ, ਪਾਸ਼, ਸਵਿਤਰੀ ਬਾਈ ਫੂਲੇ ਵਰਗਿਆਂ ਨੂੰ ਜਾਨਣ ਲਈ ਝੰਜੋੜਵੇਂ ਬੋਲਾਂ ਨਾਲ ਡਾ. ਦੀਪ ਨੇ ਸਿਖਿਆਰਥੀਆਂ ਨੂੰ ਆਪਣੀਆਂ ਸਭ ਤੋਂ ਵੱਧ ਭਰੋਸੇਯੋਗ ਮਿੱਤਰ ਕਿਤਾਬਾਂ ਵੱਲ ਮੁਹਾਰਾਂ ਮੋੜਨ ਦੀ ਅਪੀਲ ਕੀਤੀ। ਸਿਖਿਆਰਥੀ ਚੇਤਨਾ ਕੈਂਪ ਨੂੰ ਸੰਬੋਧਨ ਕਰਤਾ ਵਿਦਵਾਨਾਂ ਡਾ. ਪਰਮਿੰਦਰ, ਮਾਸਟਰ ਰਾਜਿੰਦਰ ਭਦੌੜ ਅਤੇ ਡਾ. ਕੁਲਦੀਪ ਦੀਪ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਗਿਆ।
ਸਮੂਹ ਸਿਖਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਪੁਸਤਕਾਂ ਦੇ ਸੈੱਟ ਭੇਂਟ ਕਰਨ ਉਪਰੰਤ ਇੱਕ ਗਰੁੱਪ ਫੋਟੋ ਕਰਦਿਆਂ ਮੁਬਾਰਕਵਾਦ ਦਿੱਤੀ ਗਈ। ਪੀਪਲਜ਼ ਵਾਇਸ ਵੱਲੋਂ ਡਾ. ਸੈਲੇਸ਼ ਅਤੇ ਬਲਜਿੰਦਰ ਹੋਰਾਂ ਨੇ ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਫ਼ਿਲਮਸਾਜ਼ ਸਪੁੱਤਰ ਕੁੰਵਰ ਜੈ ਸਿੰਘ ਦੀ ਫ਼ਿਲਮ ‘ਹੋਪ’ ਅਤੇ ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫ਼ਿਲਮ ‘ਰਾਮ ਕੇ ਨਾਮ’ ਵੀ ਸਿਖਿਆਰਥੀਆਂ ਨੂੰ ਵਿਖਾਈ। ਇਹ ਫ਼ਿਲਮਾਂ ਸਿਖਿਆਰਥੀਆਂ ਦੀ ਅਭੁੱਲ ਯਾਦ ਬਣੀਆਂ ਰਹਿਣਗੀਆਂ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਫ਼ਲ ਕੈਂਪ ਲਈ ਸਿਖਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਪ੍ਰੋ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਚਰੰਜੀ ਲਾਲ ਕੰਗਣੀਵਾਲ ਅਤੇ ਵਿਜੈ ਬੰਬੇਲੀ ਵੀ ਮੌਜੂਦ ਸਨ।