ਸੋਲਨ : ਯੂਨੈਸਕੋ ਵਰਲਡ ਹੈਰੀਟੇਜ ਸੂਚੀ ਵਿੱਚ ਸ਼ਾਮਲ ਕਾਲਕਾ-ਸ਼ਿਮਲਾ ਰੇਲਵੇ ਟਰੈਕ ‘ਤੇ ਰੇਲ ਸੇਵਾਵਾਂ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਬੀਤੀ ਦੇਰ ਰਾਤ ਭਾਰੀ ਮੀਂਹ ਕਾਰਨ ਗੁੰਮਣ ਅਤੇ ਟਕਸਾਲ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਪੁਲ ਰੁੜ੍ਹ ਗਿਆ, ਜਿਸ ਨਾਲ ਟਰੈਕ ਹਵਾ ਵਿੱਚ ਲਟਕ ਗਿਆ। ਇਸ ਦੇ ਸਿੱਟੇ ਵਜੋਂ ਰੇਲਵੇ ਅਧਿਕਾਰੀਆਂ ਨੇ ਐਤਵਾਰ ਨੂੰ ਕਾਲਕਾ-ਸ਼ਿਮਲਾ ਟਰੈਕ ‘ਤੇ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ। ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਕੋਟੀ ਅਤੇ ਟਕਸਾਲ ਵਿਚਕਾਰ ਟਰੈਕ ‘ਤੇ ਜ਼ਮੀਨ ਖਿਸਕ ਗਈ, ਜਿਸ ਕਾਰਨ ਰੇਲਵੇ ਅਧਿਕਾਰੀਆਂ ਨੂੰ ਦੇਰ ਰਾਤ ਹੇਠਾਂ ਵੱਲ ਜਾਣ ਵਾਲੀਆਂ ਚਾਰ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ।




