ਤਹਿਰਾਨ : ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਨੇ ਐਤਵਾਰ ਪੱਛਮੀ ਏਸ਼ੀਆ ਦੇ ਦੇਸ਼ਾਂ ਨੂੰ ਆਪਣੇ ਦੁਸ਼ਮਣ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਪੱਛਮੀ ਏਸ਼ੀਆ ਵਿੱਚ ਯੁੱਧ ਸ਼ੁਰੂ ਹੋਣ ਤੋਂ ਛੇ ਮਹੀਨੇ ਬਾਅਦ ਜਾਰੀ ਕੀਤੇ ਗਏ ਇੱਕ ਲਿਖਤੀ ਸੰਦੇਸ਼ ਵਿੱਚ ਮੋਜਤਬਾ ਨੇ ਦੇਸ਼ਾਂ ਨੂੰ ਆਪਣੇ ਅਸਲ ਦੁਸ਼ਮਣ ਨੂੰ ਪਛਾਣਨ, ਉਸ ਦੀ ਯੋਜਨਾ ਨੂੰ ਸਮਝਣ ਅਤੇ ਇਸ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ। ਉਸ ਨੇ ਅਮਰੀਕਾ ਅਤੇ ਇਜ਼ਰਾਈਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸਲਾਮੀ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਦੋਸਤੀ ਅਤੇ ਸਹਿਯੋਗ ਵਿੱਚ ਹੈ। ਅਮਰੀਕੀ ਹਮਲੇ ਵਿਚ ਆਪਣੇ ਪਿਤਾ ਅਲੀ ਖਾਮਨੇਈ ਦੇ ਮਾਰੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਮੋਜਤਬਾ ਸੁਪਰੀਮ ਲੀਡਰ ਬਣ ਗਿਆ ਸੀ। ਉਸ ਨੇ ਆਪਣੀ ਨਿਯੁਕਤੀ ਤੋਂ ਬਾਅਦ ਕੋਈ ਜਨਤਕ ਭਾਸ਼ਣ ਨਹੀਂ ਦਿੱਤਾ ਅਤੇ ਅਧਿਕਾਰੀਆਂ ਨੇ ਉਸ ਦਾ ਕੋਈ ਵੀਡੀਓ ਜਾਂ ਆਡੀਓ ਜਾਰੀ ਨਹੀਂ ਕੀਤਾ। ਹਾਲਾਂ ਕਿ ਮੋਜਤਬਾ ਨੇ ਸਮੇਂ-ਸਮੇਂ ਲਿਖਤੀ ਬਿਆਨ ਜਾਰੀ ਕੀਤੇ ਹਨ, ਜੋ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੁਆਰਾ ਪ੍ਰਸਾਰਤ ਕੀਤੇ ਗਏ ਹਨ।




