ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਨਵਾਂ ਪ੍ਰੋਗਰਾਮ ਐਲਾਨਿਆ

0
2

ਲੁਧਿਆਣਾ (ਸਤੀਸ਼ ਸਚਦੇਵਾ)
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਵਿਸਥਾਰੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਗੁਰਨਾਮ ਸਿੰਘ ਵਿਰਕ ਅਤੇ ਸਤੀਸ਼ ਰਾਣਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ।ਇਸ ਮੀਟਿੰਗ ਦੌਰਾਨ ਹੁਣ ਤੱਕ ਦੇ ਸੰਘਰਸ਼ ਨੂੰ ਭਾਰੀ ਸਮਰਥਨ ਦੇਣ ਲਈ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਮੁਲਾਜ਼ਮਾਂ ਸਬੰਧੀ ਕੱਢੇ ਪੱਤਰ ਅਤੇ ਉਸ ਉਪਰੰਤ ਕਾਰਨ ਦੱਸੋ ਨੋਟਿਸ ਦੇਣ ਦੀ ਧਮਕੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਤਾਲਮੇਲ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਅੰਦਰ ਦਿੱਤੇ ਸੰਘਰਸ਼ੀ ਪ੍ਰੋਗਰਾਮਾਂ ਨੂੰ ‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਕੱਤਰੇਤ ਤੋਂ ਸਤੌਜ ਵਾਪਸੀ’ ਮੁਹਿੰਮ ਦਾ ਨਾਂਅ ਦਿੱਤਾ ਗਿਆ।
ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਜਰਮਨਜੀਤ ਸਿੰਘ, ਸੁਖਚੈਨ ਸਿੰਘ ਖਹਿਰਾ, ਕਰਮ ਸਿੰਘ ਧਨੋਆ, ਤਰਸੇਮ ਸਿੰਘ ਭੱਠਲ, ਰਣਜੀਤ ਸਿੰਘ ਰਾਣਵਾਂ, ਸਾਹਿਲ ਸ਼ਰਮਾ, ਗਗਨਦੀਪ ਭੁੱਲਰ, ਹਰਨੇਕ ਸਿੰਘ, ਸੁਖਦੇਵ ਸਿੰਘ ਸੈਣੀ, ਹਰਜਿੰਦਰਪਾਲ ਸਿੰਘ ਪੰਨੂ, ਭਜਨ ਸਿੰਘ ਗਿੱਲ, ਮਨਜੀਤ ਸਿੰਘ ਬਾਸਰਕੇ, ਕੁਲਵਿੰਦਰ ਢਿੱਲੋਂ, ਅਵਤਾਰ ਕੈਂਥ, ਹਰੀ ਸਿੰਘ ਟੌਹੜਾ, ਮਨਦੀਪ ਸਿੰਘ ਸਿੱਧੂ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਹੱਲ ਨਾ ਕੀਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਵਾਰ-ਵਾਰ ਮੀਟਿੰਗਾਂ ਦੇ ਕੇ ਮੁਕਰਨ ਖ਼ਿਲਾਫ਼ ਪੰਜਾਬ ਦੇ ਹਰ ਤਰ੍ਹਾਂ ਦੇ ਸਮੁੱਚੇ ਮੁਲਾਜ਼ਮ 21-22 ਅਕਤੂਬਰ ਨੂੰ ਦੋ ਦਿਨਾ ਸਮੂਹਿਕ ਛੁੱਟੀ ‘ਤੇ ਜਾਣਗੇ ਅਤੇ 10 ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।ਇਸ ਰੈਲੀ ਤੋਂ ਪਹਿਲਾਂ ਸੰਘਰਸ਼ ਨੂੰ ਤੇਜ਼ ਕਰਦਿਆਂ 12-13 ਸਤੰਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ, ਜਿਸ ਦੇ ਤਹਿਤ 12 ਸਤੰਬਰ ਨੂੰ ਹਰਭਜਨ ਸਿੰਘ ਈ ਟੀ ਓ ਦੇ ਅੰਮ੍ਰਿਤਸਰ, ਜੈ ਕਿਸ਼ਨ ਸਿੰਘ ਰੋੜੀ ਦੇ ਗੜਸ਼ੰਕਰ, ਡਾਕਟਰ ਬਲਵੀਰ ਸਿੰਘ ਦੇ ਪਟਿਆਲਾ, ਕੁਲਤਾਰ ਸਿੰਘ ਸੰਧਵਾਂ ਦੇ ਸੰਧਵਾਂ ਅਤੇ 13 ਸਤੰਬਰ ਨੂੰ ਲਾਲ ਚੰਦ ਕਟਾਰੂ ਚੱਕ ਦੇ ਪਠਾਨਕੋਟ, ਹਰਜੋਤ ਸਿੰਘ ਬੈਂਸ ਦੇ ਅਨੰਦਪੁਰ ਸਾਹਿਬ ਅਤੇ ਅਮਨ ਅਰੋੜਾ ਦੇ ਸੁਨਾਮ ਵਿਖੇ ਰੈਲੀਆਂ ਕਰਨ ਉਪਰੰਤ ਇਹਨਾਂ ਦੀਆਂ ਕੋਠੀਆਂ ਦਾ ਘਰਾਓ ਕੀਤਾ ਜਾਵੇਗਾ। ਇਸ ਉਪਰੰਤ 19-20 ਸਤੰਬਰ ਨੂੰ ਰਹਿੰਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਦੇ ਘਰਾਓ ਕੀਤੇ ਜਾਣਗੇ।ਇਸੇ ਤਰ੍ਹਾਂ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ 07 ਸਤੰਬਰ ਤੱਕ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਸੰਬੰਧੀ ਧਮਕੀ ਪੱਤਰ ਵਾਪਸ ਨਾ ਲਏ ਤਾਂ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਸਮੇਤ ਸਮੁੱਚੇ ਮਨਿਸਟੀਰੀਅਲ ਸਟਾਫ਼ ਵੱਲੋਂ 8 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ, ਜਿਸ ਵਿੱਚ ਸਾਂਝੀ ਤਾਲਮੇਲ ਕਮੇਟੀ ਨਾਲ ਸੰਬੰਧਤ ਸਾਰੀਆਂ ਧਿਰਾਂ ਸ਼ਮੂਲੀਅਤ ਕਰਨਗੀਆਂ।ਇਸੇ ਤਰ੍ਹਾਂ 30 ਸਤੰਬਰ ਨੂੰ ਸਾਂਝੀ ਤਾਲਮੇਲ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਸਮੁੱਚੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਤਾਲਮੇਲ ਕਮੇਟੀ ਦੀਆਂ ਮੰਗਾਂ ਬਾਰੇ ਆਪਣੀ ਪਾਰਟੀ ਦਾ ਪੱਖ ਰੱਖਣ ਲਈ ਸੁਆਲ ਕੀਤੇ ਜਾਣਗੇ। ਐਤਵਾਰ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਦਾ ਪੂਰਨ ਸਮਰਥਨ ਕੀਤਾ ਗਿਆ।ਇਸ ਮੌਕੇ ਹਰਚਰਨ ਸਿੰਘ, ਮਨਪ੍ਰੀਤ ਸਿੰਘ, ਜਗਦੀਸ਼ ਚਾਹਲ, ਅਮਿਤ ਕਟੋਚ, ਦਿਗਵਿਜੈ ਪਾਲ ਸ਼ਰਮਾ, ਪਰਗਟਜੀਤ ਕਿਸ਼ਨਪੁਰਾ, ਜਸਵੀਰ ਤਲਵਾੜਾ, ਰਾਧੇ ਸ਼ਿਆਮ, ਕਰਮਜੀਤ ਬੀਹਲਾ, ਸੰਦੀਪ ਗਿੱਲ, ਬੋਬਿੰਦਰ ਸਿੰਘ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।