ਪਿੰ੍ਰਸੀਪਲ ਨੇ 1643 ਘਰਾਂ ਦੇ ਚਿਰਾਗ ਬੁਝਣੋ ਬਚਾਏ

0
5

ਕਠਮੰਡੂ (ਨ ਜ਼ ਸ)
ਚਾਣਚੱਕ ਆਏ ਹੜ੍ਹ ਨਾਲ ਬੁਰੀ ਤਰ੍ਹਾਂ ਤਬਾਹ ਹੋਏ ਨੇਪਾਲ ਤੋਂ ਹੈਰਾਨਕੁੰਨ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਨੁਵਾਕੋਟ ਜ਼ਿਲ੍ਹੇ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਦੇ ਤੁਰੰਤ ਲਏ ਫੈਸਲੇ ਅਤੇ ਸਮਝਦਾਰੀ ਨੇ 1,643 ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾ ਲਈਆਂ। ‘ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ’ ਵਿੱਚ ਬੁੱਧਵਾਰ ਸਵੇਰੇ ਆਮ ਦਿਨਾਂ ਵਾਂਗ ਚਹਿਲ-ਪਹਿਲ ਸੀ, ਪਰ ਅਚਾਨਕ ਵੱਜੀ ਸਕੂਲ ਦੀ ਘੰਟੀ ਪੜ੍ਹਾਈ ਲਈ ਨਹੀਂ, ਸਗੋਂ ਜ਼ਿੰਦਗੀ ਬਚਾਉਣ ਲਈ ਦੌੜਨ ਦਾ ਇਸ਼ਾਰਾ ਸੀ। ਖਤਰੇ ਦਾ ਸੁਨੇਹਾ ਮਿਲਦਿਆਂ ਹੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਪੂਰਾ ਸਕੂਲ ਪਾਣੀ ਦੇ ਤੇਜ਼ ਵਹਾਅ ਵਿੱਚ ਤਬਾਹ ਹੋ ਕੇ ਓਹਲੇ ਹੋ ਗਿਆ।
ਇਹ ਦਿਲ ਦਹਿਲਾ ਦੇਣ ਵਾਲਾ ਘਟਨਾਕ੍ਰਮ ਸਵੇਰੇ ਲਗਭਗ 9:20 ਵਜੇ ਵਾਪਰਿਆ। 47 ਸਾਲਾ ਪ੍ਰਿੰਸੀਪਲ ਅਤੇ ਅੰਗਰੇਜ਼ੀ ਦੇ ਅਧਿਆਪਕ ਰਾਜੇਂਦਰ ਦਵਾੜੀ ਨੂੰ ਲੱਗਦਾ ਸੀ ਕਿ ਨਦੀ ਤੋਂ 60 ਮੀਟਰ ਦੀ ਉੱਚਾਈ ‘ਤੇ ਬਣੀ ਉਨ੍ਹਾਂ ਦੀ ਤਿੰਨ ਮੰਜ਼ਲਾ ਕੰਕਰੀਟ ਦੀ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ, ਪਰ ਉਸੇ ਵੇਲੇ ਉਨ੍ਹਾ ਦੇ ਇੱਕ ਦੋਸਤ ਦਾ ਫੋਨ ਆਇਆ, ਜਿਸ ਨੇ ਚਿਤਾਵਨੀ ਦਿੱਤੀ ਕਿ ਹੇਠਲਾ ਪੂਰਾ ਪਿੰਡ ਹੜ੍ਹ ਦੀ ਲਪੇਟ ‘ਚ ਆ ਕੇ ਬਰਬਾਦ ਹੋ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਉੱਪਰ ਆ ਰਿਹਾ ਹੈ। ਪ੍ਰਿੰਸੀਪਲ ਦਵਾੜੀ ਨੇ ਬਿਨਾਂ ਦੇਰੀ ਕੀਤੇ ਸਕੂਲ ਖਾਲੀ ਕਰਨ ਦੇ ਹੁਕਮ ਦਿੱਤੇ। ਅਧਿਆਪਕਾਂ ਨੇ ਤੁਰੰਤ ਸਾਰੇ 1,643 ਵਿਦਿਆਰਥੀਆਂ ਨੂੰ ਪੈਦਲ ਹੀ ਉੱਚੀ ਪਹਾੜੀ ਵੱਲ ਭੇਜਿਆ, ਜਿੱਥੇ ਉਨ੍ਹਾਂ ਇੱਕ ਬੋਹੜ ਦੇ ਦਰੱਖਤ ਹੇਠਾਂ ਸ਼ਰਨ ਲਈ। ਬੱਚਿਆਂ ਦੇ ਉੱਚੀ ਥਾਂ ‘ਤੇ ਪਹੁੰਚਦੇ ਹੀ ਨਦੀ ਦੇ ਵਿਕਰਾਲ ਰੂਪ ਨੇ ਪੂਰੇ ਸਕੂਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਮਾਰਤ ਦਾ ਨਾਮੋ-ਨਿਸ਼ਾਨ ਮਿਟ ਗਿਆ। ਤੁਰੰਤ ਫੈਸਲਾ ਲੈਣ ਦੀ ਸਮਰੱਥਾ ਲਈ ਪ੍ਰਿੰਸੀਪਲ ਦਵਾੜੀ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਨੇ ਬੱਚੇ ਤਾਂ ਬਚਾ ਲਏ, ਪਰ ਸਕੂਲ ਦੀ ਇਮਾਰਤ ਵਿੱਚ ਫਸ ਜਾਣ ਕਾਰਨ ਸਟਾਫ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਪ੍ਰਿੰਸੀਪਲ ਰਾਜੇਂਦਰ ਦਵਾੜੀ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ। ਸਕੂਲ ਵਿੱਚ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਬੱਚੇ ਪੜ੍ਹਦੇ ਸਨ। ਪ੍ਰਿੰਸੀਪਲ ਨੇ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਨੇ ਆਪਣੇ ਪੂਰੇ ਪਰਵਾਰ ਗੁਆ ਦਿੱਤੇ ਹਨ।
ਨੇਪਾਲ-ਤਿੱਬਤ ਸਰਹੱਦ ‘ਤੇ ਸਿਆਫਰੂਬੇਸੀ ਅਤੇ ਕੇਰੁੰਗ ਵਿਚਕਾਰ ਆਏ ਭਿਆਨਕ ਅਚਾਨਕ ਹੜ੍ਹ ਅਤੇ ਤਬਾਹੀ ਦੌਰਾਨ ਤਾਮਿਲਨਾਡੂ ਦੇ ਸ਼ਰਧਾਲੂਆਂ ਦੀ ਹਿੰਮਤ ਨੇ 21 ਲੋਕਾਂ ਨੂੰ ਮੌਤ ਦੇ ਮੂੰਹੋਂ ਬਾਹਰ ਕੱਢ ਲਿਆ। ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਗਿਆ ਇਹ ਗਰੁੱਪ ਉਸ ਵੇਲੇ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚਿਆ, ਜਦੋਂ ਉਨ੍ਹਾਂ ਦੀ ਗੱਡੀ ਭਾਰਤੀ ਦੂਤਾਵਾਸ ਚੌਕੀ ਦੇ ਨੇੜੇ ਹੜ੍ਹ ਦੇ ਤੇਜ਼ ਵਹਾਅ ਵਿੱਚ ਫਸ ਗਈ। ਗੱਡੀ ਵਿੱਚੋਂ ਬਾਹਰ ਨਿਕਲ ਕੇ ਜਦੋਂ ਸਾਰੇ ਚਿੱਕੜ ਅਤੇ ਮਲਬੇ ਵਿੱਚੋਂ ਲੰਘਦੇ ਹੋਏ ਉੱਚੀ ਢਲਾਣ ਵੱਲ ਭੱਜੇ, ਤਾਂ ਤਿਲਕਣ ਜ਼ਿਆਦਾ ਹੋਣ ਕਰਕੇ ਔਰਤਾਂ ਲਈ ਉੱਪਰ ਚੜ੍ਹਨਾ ਅਸੰਭਵ ਹੋ ਗਿਆ। ਇਸ ਮੁਸ਼ਕਲ ਘੜੀ ਵਿੱਚ ਮਾਇਆਵਰਮ ਦੇ ਰਹਿਣ ਵਾਲੇ ਰਤਨਕੁਮਾਰ ਅਤੇ ਉਸ ਦੀ ਪਤਨੀ ਪੁੰਗੁਜ਼ਾਲੀ ਨੇ ਅਦਭੁਤ ਸਮਝਦਾਰੀ ਦਿਖਾਈ। ਪਹਿਲਾਂ ਹੀ ਸੁਰੱਖਿਅਤ ਉਚਾਈ ‘ਤੇ ਪਹੁੰਚ ਚੁੱਕੇ ਇਸ ਜੋੜੇ ਨੇ ਆਪਣੀਆਂ ਸਾੜ੍ਹੀਆਂ ਨੂੰ ਬੰਨ੍ਹ ਕੇ ਮਜ਼ਬੂਤ ਅਸਥਾਈ ਰੱਸੀ ਤਿਆਰ ਕੀਤੀ। ਰਤਨਾਕੁਮਾਰ ਨੇ ਹੇਠਾਂ ਔਰਤਾਂ ਨੂੰ ਇੱਕ-ਇੱਕ ਕਰਕੇ ਚੁੱਕਿਆ, ਜਦੋਂ ਕਿ ਉਸ ਦੀ ਪਤਨੀ ਪੁੰਗੁਜ਼ਾਲੀ ਨੇ ਉੱਪਰੋਂ ਸਾੜ੍ਹੀ ਦੀ ਰੱਸੀ ਖਿੱਚ ਕੇ ਸਾਰੀਆਂ ਔਰਤਾਂ ਨੂੰ ਸੁਰੱਖਿਅਤ ਢਲਾਣ ਤੋਂ ਉੱਪਰ ਪਹੁੰਚਾਇਆ।