ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੀ ਮਾਤਾ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਕੇ ਚਰਚਾ ‘ਚ ਆਈ 15 ਸਾਲਾ ਰੁਚਿਕਾ ਸਿੰਘ ਇੱਕ ਵਾਰ ਫਿਰ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਈ ਹੈ। ਨਵੇਂ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ ‘ਤੇ ਉਸ ਦੀ ਜ਼ਿੰਦਗੀ ‘ਨਰਕ’ ਬਣਾਉਣ ਦੇ ਗੰਭੀਰ ਦੋਸ਼ ਲਾਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਹੱਥ ਜੋੜ ਕੇ ਆਪਣੇ ਬੋਲਾਂ ਲਈ ਮੁਆਫੀ ਮੰਗਦੀ ਦਿਖਾਈ ਦਿੱਤੀ ਸੀ, ਪਰ ਹੁਣ ਸਾਹਮਣੇ ਆਈ ਨਵੀਂ ਵੀਡੀਓ ‘ਚ ਉਹ ਦਾਅਵਾ ਕਰ ਰਹੀ ਹੈ ਕਿ ਉਹ ਹੁਣ ਪਿੱਛੇ ਨਹੀਂ ਹਟੇਗੀ।
ਇਸ ਵੀਡੀਓ ‘ਚ ਰੁਚਿਕਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਤੁਸੀਂ ਇੱਕ 15 ਸਾਲ ਦੀ ਕੁੜੀ ਨੂੰ ਏਨਾ ਪਰੇਸ਼ਾਨ ਕੀਤਾ ਹੈ ਕਿ ਉਸ ਨੂੰ ਹਰ ਥਾਂ ਤੰਗ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਹਰ ਥਾਂ ਆਪਣਾ ਚਿਹਰਾ ਲੁਕਾਉਣਾ ਪੈ ਰਿਹਾ ਹੈ।’”
ਉਸ ਨੇ ਵੀਡੀਓ ‘ਚ ਅੱਗੇ ਕਿਹਾ ਕਿ ਹੁਣ ਉਸ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਅਤੇ ਉਹ ਪਿੱਛੇ ਨਹੀਂ ਹਟੇਗੀ। ਹਾਲਾਂਕਿ, ਇੰਟਰਨੈੱਟ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਅਤੇ ਨਾ ਹੀ ਇਸ ਦੇ ਰਿਕਾਰਡਿੰਗ ਦੇ ਸਮੇਂ ਜਾਂ ਥਾਂ ਦਾ ਪਤਾ ਲੱਗ ਸਕਿਆ ਹੈ। ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੋ ਧੜਿਆਂ ‘ਚ ਵੰਡੇ ਨਜ਼ਰ ਆ ਰਹੇ ਹਨ; ਕੁਝ ਲੋਕ ਉਸ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ, ਜਦਕਿ ਹੋਰ ਉਸ ਦੇ ਇਸ ਰਵੱਈਏ ‘ਤੇ ਸਵਾਲ ਚੁੱਕ ਰਹੇ ਹਨ।
ਜੁਲਾਈ ਮਹੀਨੇ ‘ਚ ਹੋਏ ਪ੍ਰਦਰਸ਼ਨ ਦੌਰਾਨ ਵਰਤੀ ਗਈ ਭਾਸ਼ਾ ਕਾਰਨ ਨੋਇਡਾ ਵਿਖੇ ਉਸ ਖਿਲਾਫ ਜ਼ੀਰੋ ਐੱਫ ਆਈ ਆਰ ਦਰਜ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਹੋ ਰਹੀ ਟਰੋਲਿੰਗ, ਜਨਤਕ ਦਬਾਅ ਅਤੇ ਪਰੇਸ਼ਾਨੀ ਤੋਂ ਤੰਗ ਆ ਕੇ ਰੁਚਿਕਾ ਅਤੇ ਉਸ ਦੀ ਮਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ ਸੀ। ਹਾਲਾਂਕਿ ਰੁਚਿਕਾ ਵੱਲੋਂ ਜਨਤਕ ਤੌਰ ‘ਤੇ ਮੁਆਫੀ ਮੰਗਣ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਮੁਆਫ ਕਰਨ ਦੀ ਅਪੀਲ ਤੋਂ ਬਾਅਦ ਵੀ ਮਾਮਲਾ ਠੰਢਾ ਨਹੀਂ ਪਿਆ।



