ਪੱਤਰਕਾਰ ਫਿਰ ਸੁਪਰੀਮ ਕੋਰਟ ਪੁੱਜਿਆ

0
10

ਨਵੀਂ ਦਿੱਲੀ : ਅਯੁੱਧਿਆ ਰਾਮ ਮੰਦਰ ਚੰਦੇ ਦੀ ਚੋਰੀ ਬਾਰੇ ਰਿਪੋਰਟ ਕਰਨ ਵਾਲੇ ਪੱਤਰਕਾਰ ਅਭਿਸ਼ੇਕ ਉਪਧਿਆਏ ਨੇ ਮੰਗਲਵਾਰ ਗਾਜ਼ੀਆਬਾਦ ਪੁਲਸ ਵੱਲੋਂ ਐੱਕਸ (ਪਹਿਲਾਂ ਟਵਿੱਟਰ) ਤੋਂ ਉਸ ਦੇ ਡਿਜੀਟਲ ਫੁੱਟਪ੍ਰਿੰਟ ਦੇ ਵੇਰਵੇ ਮੰਗਣ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਉਪਧਿਆਏ ਦੇ ਵਕੀਲ ਅਨੂਪ ਪ੍ਰਕਾਸ਼ ਅਵਸਥੀ ਨੇ ਚੀਫ ਜਸਟਿਸ ਸੂਰੀਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਅਜਿਹੇ ਜਾਣਕਾਰੀ ਦੇ ਖੁਲਾਸੇ ਨਾਲ ਉਸ ਦੇ ਪੱਤਰਕਾਰੀ ਸੂਤਰ ਸਰਕਾਰੀ ਮਸ਼ੀਨਰੀ ਦੇ ਸਾਹਮਣੇ ਬੇਨਕਾਬ ਹੋ ਸਕਦੇ ਹਨ। ਪੱਤਰਕਾਰ ਨੇ ਬੈਂਚ ਨੂੰ ਦੱਸਿਆ, ’26 ਅਗਸਤ ਨੂੰ ਮੈਨੂੰ ਐੱਕਸ ਵੱਲੋਂ ਇਸ ਦੇ ਕੈਲੀਫੋਰਨੀਆ ਮੁੱਖ ਦਫਤਰ ਤੋਂ ਸੂਚਿਤ ਕੀਤਾ ਗਿਆ ਕਿ ਗਾਜ਼ੀਆਬਾਦ ਸੀ ਆਈ ਡੀ ਵੱਲੋਂ 1 ਜੂਨ 2026 ਤੋਂ ਮੇਰੇ ਪੂਰੇ ਡਿਜੀਟਲ ਫੁੱਟਪ੍ਰਿੰਟ ਮੁਹੱਈਆ ਕਰਵਾਉਣ ਲਈ ਇੱਕ ਬੇਨਤੀ ਕੀਤੀ ਗਈ ਹੈ।’ ਉਸ ਦੇ ਵਕੀਲ ਨੇ ਕਿਹਾ ਕਿ ਮੰਗੀ ਗਈ ਜਾਣਕਾਰੀ ਦਾ ਗਾਜ਼ੀਆਬਾਦ ਪੁਲਸ ਵੱਲੋਂ 18 ਅਗਸਤ, 2026 ਦੀ ਘਟਨਾ ਦੇ ਸੰਬੰਧ ਵਿੱਚ ਦਰਜ ਕੀਤੇ ਗਏ ਰੋਡ ਰੇਜ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ, ਜੋ ਕਿ 1 ਜੂਨ, 2026 ਤੋਂ ਕਾਫੀ ਬਾਅਦ ਵਿੱਚ ਵਾਪਰੀ ਸੀ। ਚੀਫ ਜਸਟਿਸ ਨੇ ਕਿਹਾ, ‘ਅਸੀਂ ਦੇਖ ਲਵਾਂਗੇ। ਸਮੱਸਿਆ ਕੀ ਹੈ? ਅਸੀਂ ਤੁਹਾਨੂੰ ਪਹਿਲਾਂ ਹੀ ਸੁਰੱਖਿਆ ਦੇ ਚੁੱਕੇ ਹਾਂ। ਗਾਜ਼ੀਆਬਾਦ ਪੁਲਸ ਨੂੰ ਜਾਂਚ ਕਰਨ ਦਿਓ…।’