ਅੰਮ੍ਰਿਤਸਰ : ਭਾਜਪਾ, ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵਿਚਕਾਰ ਸੰਭਾਵੀ ਗੱਠਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਸਾਬਕਾ ਸੰਸਦ ਮੈਂਬਰ ਤੇ ਪੁਨਰ ਸੁਰਜੀਤ ਦੇ ਅਜਨਾਲਾ ਹਲਕਾ ਕੋਆਰਡੀਨੇਟਰ ਡਾ. ਰਤਨ ਅਜਨਾਲਾ ਨੇ ਕਿਹਾ ਕਿ ਚਾਹੇ ਉਨ੍ਹਾ ਨੂੰ ਭਾਜਪਾ ਦੇ ਕਮਲ ਦੇ ਫੁੱਲ ਦੇ ਨਿਸ਼ਾਨ ‘ਤੇ ਚੋਣ ਲੜਨੀ ਪਵੇ ਜਾਂ ਅਕਾਲੀ ਦਲ ਦੇ ‘ਤੱਕੜੀ’ ਨਿਸ਼ਾਨ ‘ਤੇ, ਉਹ ਅਜਨਾਲਾ ਤੋਂ ਹੀ ਚੋਣ ਮੈਦਾਨ ਵਿੱਚ ਉਤਰਨਗੇ। ਸੀਟ ਜਿਸ ਵੀ ਪਾਰਟੀ ਦੇ ਹਿੱਸੇ ਆਵੇਗੀ, ਉਮੀਦਵਾਰ ਉਹ ਹੀ ਹੋਣਗੇ। ਉਨ੍ਹਾ ਦੇ ਬੇਟੇ ਬੋਨੀ ਅਜਨਾਲਾ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਜਦੋਂ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਜੋਧ ਸਿੰਘ ਸਮਰਾ ਨੂੰ ਹਲਕਾ ਇੰਚਾਰਜ ਥਾਪਿਆ ਹੋਇਆ ਹੈ, ਜੋ ਟਿਕਟ ਦੇ ਮਜ਼ਬੂਤ ਦਾਅਵੇਦਾਰ ਹਨ।





