ਸੀ ਪੀ ਆਈ ਦੀ ਦਿੱਲੀ ਰੈਲੀ ਵੱਲੋਂ ਮੋਦੀ ਸਰਕਾਰ ਉਖਾੜ ਸੁੱਟਣ ਦਾ ਸੱਦਾ

0
1

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੇ ਸੱਦੇ ‘ਤੇ ਮੰਗਲਵਾਰ ਕੌਮੀ ਰਾਜਧਾਨੀ ਦੇ ਰਾਮਲੀਲ੍ਹਾ ਮੈਦਾਨ ‘ਚ ਹੋਈ ‘ਬਦਲਾਅ ਜ਼ਰੂਰੀ ਹੈ’ ਰੈਲੀ ਵਿੱਚ ਆਗੂਆਂ ਨੇ ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟਾਂ ਦੇ ਹੱਲ ਲਈ ਮੋਦੀ ਸਰਕਾਰ ਨੂੰ ਚਲਦੀ ਕਰਨ ਦਾ ਹੋਕਾ ਦਿੱਤਾ।
ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਤੇ ਹੋਰਨਾਂ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨ ਅਤੇ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਸੁਧਾਰਾਂ ਦੀ ਮੰਗ ਕੀਤੀ। ਡੀ ਰਾਜਾ ਨੇ ਕਿਹਾ ਕਿ ਦੇਸ਼ ਵਿੱਚ ਸੰਵਿਧਾਨ, ਲੋਕਤੰਤਰ, ਧਰਮ-ਨਿਰਪੱਖਤਾ ਅਤੇ ਸੰਘੀ ਢਾਂਚੇ ਲਈ ਖਤਰੇ ਵਧ ਰਹੇ ਹਨ। ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਦੇਸ਼ ਲਗਾਤਾਰ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਸੰਕਟ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ।ਉਨ੍ਹਾ ਨੇ ਜ਼ੋਰ ਦੇ ਕੇ ਕਿਹਾ ਕਿ ‘ਬਦਲਾਅ ਜ਼ਰੂਰੀ ਹੈ’ ਸਿਰਫ਼ ਸੀ ਪੀ ਆਈ ਦਾ ਨਾਅਰਾ ਨਹੀਂ ਰਿਹਾ, ਸਗੋਂ ਇਹ ਲੋਕਾਂ ਦੀ ਆਵਾਜ਼ ਬਣ ਗਿਆ ਹੈ।ਪਾਰਟੀ ਇਸ ਆਵਾਜ਼ ਨੂੰ ਸੰਸਦ ਅਤੇ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਏਗੀ ਅਤੇ ਨਾਲ ਹੀ ਲੋਕਾਂ ਦਰਮਿਆਨ ਸੰਘਰਸ਼ ਨੂੰ ਵੀ ਅੱਗੇ ਵਧਾਏਗੀ।ਆਗੂਆਂ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਅਤੇ ਲੁਟੇਰਿਆਂ ਦੀ ਹੈ। ਇਹ ਅਮੀਰਾਂ ਦੀ ਸਰਕਾਰ ਹੈ। ਫਿਰਕੂ ਨਫਰਤ ਫੈਲਾਉਣ ਵਾਲੀ ਸਰਕਾਰ ਹੈ, ਇਸ ਨੂੰ ਬਦਲਣਾ ਸਮੇਂ ਦੀ ਜ਼ਰੂਰਤ ਹੈ। ਰਾਜ ਸਭਾ ਦੇ ਸਾਬਕਾ ਮੈਂਬਰ ਬਿਨੋਇ ਵਿਸ਼ਵਮ ਨੇ ਕਿਹਾ ਕਿ ਬਦਲਾਅ ਦੀ ਮੰਗ ਲਈ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਹਜ਼ਾਰਾਂ ਲੋਕ ਰੈਲੀ ‘ਚ ਪੁੱਜੇ। ਵਿਸ਼ਵਮ ਨੇ ਕਿਹਾ, ”ਲੋਕਾਂ ਨੂੰ ਦੇਖੋ। ਉਹ ਦੇਸ਼ ਦੇ ਹਰ ਹਿੱਸੇ ਤੋਂ ਆਏ ਹਨ। ਉਤਰ, ਦੱਖਣ, ਪੂਰਬ ਅਤੇ ਪੱਛਮ ਤੋਂ ਇਸ ਰੈਲੀ ‘ਚ ਸ਼ਾਮਲ ਹੋਣ ਲਈ ਲੋਕ ਪਹੁੰਚੇ ਹਨ। ਜੋ ਇੱਥੇ ਪਹੁੰਚੇ ਹਨ, ਉਹ ਅਸਲੀ ਭਾਰਤੀ ਹਨ, ਉਹ ਭਾਰਤ ਦੇ ਲੋਕ ਹਨ, ਉਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ। ਹੁਣ ਉਹ ਬਦਲਾਅ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦਾ ਨਾਅਰਾ ਹੈ, ‘ਬਦਲਾਅ ਜ਼ਰੂਰੀ ਹੈ’। ਦੇਸ਼ ਇਹੀ ਚਾਹੁੰਦਾ ਹੈ।” ਉਨ੍ਹਾ ਦੋਸ਼ ਲਾਇਆ ਕਿ ਦੇਸ਼ ਬੇਰੁਜ਼ਗਾਰੀ, ਭੋਜਨ, ਨਿਵਾਸ ਅਤੇ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। 70 ਸਾਲ ਬੀਤ ਚੁੱਕੇ ਹਨ, ਪਰ ਲੋਕ ਹਾਲੇ ਵੀ ਭੁੱਖੇ ਮਰ ਰਹੇ ਹਨ। ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਢਹਿਢੇਰੀ ਹੋ ਚੁੱਕੀ ਹੈ। ਪੂਰੀ ਪ੍ਰੀਖਿਆ ਪ੍ਰਣਾਲੀ ਭ੍ਰਿਸ਼ਟਾਚਾਰ ਦੀ ਲਪੇਟ ‘ਚ ਹੈ।
ਐਨੀ ਰਾਜਾ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਕਾਰਨ ਕੇਂਦਰ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਹਨ। ਭਾਰਤ ਦੇ ਲੋਕ ਕੇਂਦਰ ‘ਚ ਫਾਸ਼ੀਵਾਦੀ ਭਾਜਪਾ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਅਤੇ ਪ੍ਰੋਗਰਾਮਾਂ ਕਾਰਨ ਮੁਸ਼ਕਲ ਹਾਲਾਤ ‘ਚੋਂ ਲੰਘ ਰਹੇ ਹਨ। ਇਹ ਨੀਤੀਆਂ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਔਰਤਾਂ ਦੇ ਹਿੱਤਾਂ ਦੇ ਖਿਲਾਫ ਹਨ।
ਸੀ ਪੀ ਆਈ ਦੇ ਰਾਜ ਸਭਾ ਮੈਂਬਰ ਪੀ ਸੰਤੋਸ਼ ਕੁਮਾਰ ਨੇ ਕਿਹਾ ਕਿ ‘ਬਦਲਾਅ ਜ਼ਰੂਰੀ ਹੈ’ ਇਹ ਮੁੱਖ ਨਾਅਰਾ ਹੈ, ਜਿਸ ਦੇ ਤਹਿਤ ਇਹ ਰੈਲੀ ਕੀਤੀ ਗਈ। ਅਸੀਂ ਵੱਡੀ ਗਿਣਤੀ ‘ਚ ਲੋਕਾਂ ਦੇ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਪੰਜਾਬ ਵੱਲੋਂ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਬੰਤ ਸਿੰਘ ਬਰਾੜ ਤੇ ਕਾਮਰੇਡ ਹਰਦੇਵ ਅਰਸ਼ੀ ਸਟੇਜ ਉਪਰ ਹਾਜ਼ਰ ਸਨ।ਇਹਨਾਂ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਅਮਰਜੀਤ ਆਸਲ, ਕਾਮਰੇਡ ਬਲਦੇਵ ਨਿਹਾਲਗੜ੍ਹ, ਕਾਮਰੇਡ ਨਰਿੰਦਰ ਸੋਹਲ, ਦੇਵੀਂ ਕੁਮਾਰੀ, ਪਿਰਥੀਪਾਲ ਮਾੜੀਮੇਘਾ, ਕਾਮਰੇਡ ਜਗਰੂਪ ਸਿੰਘ ਅਤੇ ਕਿਸ਼ਨ ਚੌਹਾਨ ਵੀ ਹਾਜ਼ਰ ਸਨ।ਵੱਖ ਵੱਖ ਜ਼ਿਲ੍ਹਿਆਂ ਦੇ ਸਕੱਤਰ ਵੱਡੇ ਜੱਥੇ ਲੈ ਕੇ ਦਿੱਲੀ ਰੈਲੀ ਵਿੱਚ ਪਹੁੰਚੇ।ਇਤਿਹਾਸਕ ਰੈਲੀ ‘ਚ ਦੇਸ਼ ਭਰ ਤੋਂ ਉਮੜੇ ਜਨ-ਸੈਲਾਬ ਦੀ ਇੱਕ ਹੀ ਹੁੰਕਾਰ ਸੀ—ਬਦਲਾਅ ਜ਼ਰੂਰੀ ਹੈ। ਇਹ ਸਿਰਫ ਰੈਲੀ ਨਾ ਹੋ ਕੇ ਬਦਲਾਅ ਦੀ ਲਹਿਰ ਬਣ ਨਿਕਲੀ। ਰਾਮਲੀਲ੍ਹਾ ਮੈਦਾਨ ‘ਬਦਲਾਅ ਜ਼ਰੂਰੀ ਹੈ’ ਦੇ ਗੀਤਾਂ ਅਤੇ ਨਾਅਰਿਆਂ ਦੀ ਗੂੰਜ ਨਾਲ ਗੂੰਜ ਉੱਠਿਆ। ਯੂ ਪੀ ਤੋਂ ਰੈਲੀ ‘ਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਹੀ ਸੀ ਪੀ ਆਈ ਦੇ ਆਗੂਆਂ ਨੂੰ ਯੋਗੀ ਸਰਕਾਰ ਨੇ ਘਰਾਂ ‘ਚ ਨਜ਼ਰਬੰਦ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਗੈਰ-ਜਮਹੂਰੀ ਦਮਨ ਸਾਫ ਦੱਸ ਰਿਹਾ ਹੈ ਕਿ ਸੱਤਾ ਦੇ ਅੰਦਰ ਡਰ ਕਿੰਨਾ ਹੈ। ਇਹ ਰੈਲੀ ਅਚਾਨਕ ਜਾਂ ਬਿਨਾਂ ਕਿਸੇ ਪੂਰਵ-ਤਿਆਰੀ ਦੇ ਆਯੋਜਿਤ ਨਹੀਂ ਕੀਤੀ ਗਈ ਸੀ। ਇਸ ਤੋਂ ਪਹਿਲਾਂ, ਸੀ ਪੀ ਆਈ ਨੇ ਇੱਕ ਦੇਸ਼-ਵਿਆਪੀ ਮੁਹਿੰਮ ਚਲਾਈ ਸੀ ਜਿਸ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਾ, ਪੈਦਲ ਯਾਤਰਾਵਾਂ ਅਤੇ ਜਨਤਕ ਮੀਟਿੰਗਾਂ ਸ਼ਾਮਲ ਸਨ।ਇਸ ਮੁਹਿੰਮ ਦੇ ਕੇਂਦਰ ਵਿੱਚ ਰੁਜ਼ਗਾਰ, ਮਹਿੰਗਾਈ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਮਜ਼ਦੂਰਾਂ ਦੇ ਹੱਕ, ਜਨਤਕ ਸਿੱਖਿਆ ਤੇ ਸਿਹਤ ਸਹੂਲਤਾਂ, ਸਮਾਜਿਕ ਨਿਆਂ ਅਤੇ ਲੋਕਤੰਤਰੀ ਤੇ ਸੰਵਿਧਾਨਕ ਅਧਿਕਾਰਾਂ ਵਰਗੇ ਮੁੱਦੇ ਰੱਖੇ ਗਏ ਸਨ।