ਇੱਕ ਮੈਸੀ ਹੋਸੀ

0
1

ਮਨਪਸੰਦ ਲੀਓ, ਕੌਮਾਂਤਰੀ ਫੁੱਟਬਾਲ ਦਾ ਸਭ ਤੋਂ ਮਸ਼ਹੂਰ ਨੰਬਰ 10, ਕੌਮੀ ਟੀਮ ਨੂੰ ਅਲਵਿਦਾ ਕਹਿ ਦੇਵੇਗਾ। ਉਹ ਪਲ ਆਖਰਕਾਰ ਆ ਗਿਆ ਹੈ। ਕੌਮਾਂਤਰੀ ਫੁੱਟਬਾਲ ਕਦੇ ਵੀ ਪਹਿਲਾਂ ਵਰਗਾ ਨਹੀਂ ਰਹੇਗਾ। ਆਪਣੇ ਪਿਤਾ ਜੋਰਜ ਦੇ ਪਿਛਲੇ ਮਹੀਨੇ ਦੇਹਾਂਤ ਤੋਂ ਬਾਅਦ ਮੈਸੀ ਨੇ ਸੋਮਵਾਰ ਆਪਣੀ ਅਰਜਨਟੀਨਾ ਦੀ ਜਰਸੀ ਲਟਕਾਉਣ ਦਾ ਐਲਾਨ ਕਰ ਦਿੱਤਾ। ਅਰਜਨਟੀਨਾ ਦੇ ਤਾਜ, ਜਿਹੜਾ ਦੋ ਦਹਾਕਿਆਂ ਤੋਂ ਵੱਧ ਦੇਸ਼ ਲਈ ਖੇਡਿਆ, ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ : ”ਬਹੁਤ ਸੋਚਣ ਤੋਂ ਬਾਅਦ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੌਮੀ ਟੀਮ ਤੋਂ ਸੰਨਿਆਸ ਲੈ ਰਿਹਾ ਹਾਂ… ਇਹ ਇੱਕ ਅਜਿਹਾ ਫੈਸਲਾ ਹੈ, ਜੋ ਦੁਖਦਾਈ ਹੈ ਅਤੇ ਅਜੇ ਵੀ ਅੰਦਰੋਂ ਡੂੰਘਾ ਦੁੱਖ ਦੇ ਰਿਹਾ ਹੈ, ਪਰ ਮੈਂ ਸਮਝਦਾ ਹਾਂ ਕਿ ਇਹ ਸਹੀ ਪਲ ਹੈ।”
24 ਜੂਨ ਨੂੰ 39 ਸਾਲ ਦੇ ਹੋਏ ਮੈਸੀ ਨੇ ਕਤਰ ਵਿੱਚ 2022 ਵਿਸ਼ਵ ਕੱਪ ਜਿੱਤਣ ਵਿੱਚ ਅਰਜਨਟੀਨਾ ਦੀ ਅਗਵਾਈ ਕੀਤੀ ਅਤੇ 2026 ਵਿੱਚ ਕੌਮੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ, ਪਰ ਉਹ ਸਪੇਨ ਹੱਥੋਂ ਸਿਫਰ ਦੇ ਮੁਕਾਬਲੇ ਇੱਕ ਗੋਲ ਨਾਲ ਹਾਰਨ ਕਾਰਨ ਲਗਾਤਾਰ ਦੂਜੀ ਵਾਰ ਕੱਪ ਨਹੀਂ ਜਿੱਤ ਸਕੀ। ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਹੁਣ ਇੱਕ ਅਜਿਹੇ ਸਿਤਾਰੇ ਤੋਂ ਸੱਖਣਾ ਹੋ ਜਾਵੇਗਾ, ਜਿਸ ਦੀ ਵਿਸ਼ਵਵਿਆਪੀ ਅਪੀਲ ਹੈ। ਉਸ ਦਾ ਸਭ ਤੋਂ ਵੱਡਾ ਵਿਰੋਧੀ ਵੀ, ਜੇ ਕੋਈ ਹੈ, ਕਦੇ ਇਹ ਨਹੀਂ ਕਹੇਗਾ ਕਿ ਮੈਸੀ ਨੇ ਕਦੇ ਵੀ ਅਰਜਨਟੀਨਾ ਲਈ ਆਪਣਾ ਸਭ ਕੁਝ ਨਹੀਂ ਦਿੱਤਾ। 207 ਮੈਚਾਂ ਵਿੱਚ ਮੈਸੀ 125 ਗੋਲ ਕਰਕੇ ਅਰਜਨਟੀਨਾ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਮੋਹਰੀ ਸਕੋਰਰ ਵਜੋਂ ਰਿਟਾਇਰ ਹੋਇਆ ਹੈ। ਇਹ ਪ੍ਰਤੀ ਗੇਮ ਔਸਤਨ 0.60 ਗੋਲ ਹੈ। ਅੱਠ ਬੇਮਿਸਾਲ ਬੈਲਨ ਡੀ’ਓਰ (ਸਾਲ ਦਾ ਬਿਹਤਰੀਨ ਖਿਡਾਰੀ) ਜਿੱਤਣ ਦੇ ਨਾਲ-ਨਾਲ ਉਸ ਨੇ 2006 ਤੋਂ 2026 ਤੱਕ ਲਗਾਤਾਰ ਛੇ ਵਿਸ਼ਵ ਕੱਪ ਖੇਡੇ-ਇਹ ਕਾਰਨਾਮਾ ਕਰਨ ਵਾਲੇ ਸਿਰਫ ਤਿੰਨ ਖਿਡਾਰੀਆਂ ਵਿੱਚੋਂ ਇੱਕ। ਇਤਿਹਾਸ ਵਿੱਚ ਕਿਸੇ ਵੀ ਖਿਡਾਰੀ ਨੇ ਮੈਸੀ ਦੇ 34 ਤੋਂ ਵੱਧ ਵਿਸ਼ਵ ਕੱਪ ਮੈਚ ਨਹੀਂ ਖੇਡੇ।
ਡਿਏਗੋ ਮਾਰਾਡੋਨਾ ਦੇ ਜਾਣ ਤੋਂ ਬਾਅਦ ਅਰਜਨਟੀਨਾ ਨੇ ਸ਼ਾਨਦਾਰ ਫੁੱਟਬਾਲਰ ਪੈਦਾ ਕੀਤੇ, ਪਰ ਉਮੀਦਾਂ ਦਾ ਬੋਝ ਬਹੁਤ ਜ਼ਿਆਦਾ ਸੀ। ਜਦੋਂ ਏਰੀਅਲ ਓਰਟੇਗਾ ਜਾਂ ਜੁਆਨ ਰੋਮਨ ਰਿਕੇਲਮੇ (ਦੋਵੇਂ ਆਪਣੇ-ਆਪਣੇ ਤਰੀਕੇ ਨਾਲ ਸ਼ਾਨਦਾਰ) ਨੰਬਰ 10 ਜਰਸੀ ਪਹਿਨਦੇ ਸਨ, ਤਾਂ ਕੋਈ ਸੋਸ਼ਲ ਮੀਡੀਆ ਨਹੀਂ ਸੀ। ਹੁਣ ਜਦੋਂ ਸਭ ਕੁਝ ਝੱਟਪੱਟ ਸਾਹਮਣੇ ਆ ਜਾਂਦਾ ਹੈ ਤਾਂ ਨਵੀਂ ਪੀੜ੍ਹੀ ‘ਤੇ ਦਬਾਅ ਬਹੁਤ ਜ਼ਿਆਦਾ ਹੋਵੇਗਾ। ਮੈਸੀ ਦੇ ਜਾਣ ਤੋਂ ਬਾਅਦ ਕੌਣ ਬਣਾਏਗਾ ਉਹ ਰੇਸ਼ਮੀ ਪਾਸ, ਜੋ ਸਭ ਤੋਂ ਪੀਢੀ ਡਿਫੈਂਸ ਨੂੰ ਵੀ ਖੋਲ੍ਹ ਦਿੰਦੇ ਸਨ ਵਿਰੋਧੀ ਡਿਫੈਂਡਰਾਂ ਦੀ ਰੀੜ੍ਹ ਦੀ ਹੱਡੀ ਨੂੰ ਕੌਣ ਛਿੜਵਾਏਗਾ? ਰਹਿੰਦੀ ਦੁਨੀਆ ਤੱਕ ਮੈਸੀ ਦਾ ਨਾਂਅ ਰਹੇਗਾ ਅਤੇ ਫੁੱਟਬਾਲ ਦੇ ਦੀਵਾਨੇ ਆਪਣੇ ਬੱਚਿਆਂ ਨੂੰ ਇਹ ਕਹਾਣੀ ਜ਼ਰੂਰ ਸੁਣਾਇਆ ਕਰਨਗੇ-‘ਇੱਕ ਮੈਸੀ ਹੋਸੀ’।