ਚੰਡੀਗੜ੍ਹ, (ਗੁਰਜੀਤ ਬਿੱਲਾ)
ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ‘ਤੇ ਹੁਲਾਰਾ ਦੇਣ ਅਤੇ ਸੂਬੇ ਦੇ ਬਾਗ਼ਬਾਨੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ ਆਈ ਸੀ ਏ) ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇੱਕ ਹਾਰਟੀਕਲਚਰ ਨਾਲੇਜ ਸੈਂਟਰ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ। ਇਹ ਪਹਿਲਕਦਮੀ 1300 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਬਾਗਬਾਨੀ ਦਾ ਵਿਸਥਾਰ ਕਰਨਾ, ਵੈਲਯੂ ਚੇਨ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਨੇ 2036 ਤੱਕ ਬਾਗਬਾਨੀ ਹੇਠਲੇ ਰਕਬੇ ਨੂੰ 16 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ।ਬਾਗ਼ਬਾਨੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, ‘ਪ੍ਰਾਜੈਕਟ ਦਾ ਮੁੱਖ ਉਦੇਸ਼ ਬਾਗ਼ਬਾਨੀ ਹੇਠਲੇ ਰਕਬੇ ਦਾ ਵਿਸਥਾਰ ਅਤੇ ਮਜ਼ਬੂਤ ਵੈਲਯੂ ਚੇਨ ਬੁਨਿਆਦੀ ਢਾਂਚੇ ਰਾਹੀਂ ਬਾਗਬਾਨੀ ਫ਼ਸਲਾਂ ਨੂੰ ਉਤਸ਼ਾਹਤ ਕਰਨਾ ਹੈ। ਇਹ ਨਾ ਸਿਰਫ਼ ਫਸਲੀ ਵਿਭਿੰਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਏਗਾ, ਸਗੋਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਅਤੇ ਪਾਣੀ ਦੀ ਸੰਭਾਲ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਵੱਲ ਵੀ ਉਤਸ਼ਾਹਤ ਕਰੇਗਾ।’ ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਵਿੱਚ ਇਸ ਸਮੇਂ 41.25 ਲੱਖ ਹੈਕਟੇਅਰ ਰਕਬਾ ਕਾਸ਼ਤ ਅਧੀਨ ਹੈ, ਜਿਸ ਵਿੱਚੋਂ 5.27 ਲੱਖ ਹੈਕਟੇਅਰ ਖੇਤਰ ਬਾਗਬਾਨੀ ਹੇਠ ਹੈ, ਜਿਸ ਦਾ ਉਤਪਾਦਨ 106.10 ਲੱਖ ਮੀਟ੍ਰਿਕ ਟਨ ਹੈ।’ ਉਹਨਾ ਕਿਹਾ—ਬਾਗ਼ਬਾਨੀ ਵਿੱਚ ਫਲ, ਸਬਜ਼ੀਆਂ, ਮਸਾਲੇ ਅਤੇ ਖੁਸ਼ਬੂਦਾਰ ਪਦਾਰਥ, ਫੁੱਲ ਅਤੇ ਹੋਰ ਵਸਤਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਮੁੱਖ ਫਲ ਕਿੰਨੂ ਅਤੇ ਅਮਰੂਦ ਹਨ, ਜਦੋਂ ਕਿ ਮੁੱਖ ਸਬਜ਼ੀਆਂ ਆਲੂ ਅਤੇ ਮਟਰ ਹਨ। ਇਸ ਤੋਂ ਇਲਾਵ ਮਧੂ-ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤਕਾਰੀ ਵੀ ਬਾਗ਼ਬਾਨੀ ਦਾ ਹੀ ਹਿੱਸਾ ਹੈ।





