ਸਾਬਕਾ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਰਾਮ ਮੰਦਰ ਟਰੱਸਟ ਦੇ ਸੀ ਈ ਓ ਨਾਮਜ਼ਦ

0
7

ਅਯੁੱਧਿਆ (ਨ ਜ਼ ਸ) : ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ ਸੀ ਈ ਓ ਵਜੋਂ ਸੇਵਾਮੁਕਤ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਚੁਣਿਆ ਗਿਆ ਹੈ। ਇਹ ਕਦਮ ਚੜ੍ਹਾਵੇ ਦੀ ਕਥਿਤ ਚੋਰੀ ਦੇ ਵਿਵਾਦ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਸਮੇਤ ਤਿੰਨ ਅਹੁਦੇਦਾਰਾਂ ਨੂੰ ਅਸਤੀਫਾ ਦੇਣਾ ਪਿਆ ਸੀ। ਤਿੰਨ ਮੈਂਬਰੀ ਚੋਣ ਕਮੇਟੀ ਵਿੱਚ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਪ੍ਰਮੋਦ ਕੋਹਲੀ, ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਸ਼ਨੂੰਕਾਂਤ ਚਤੁਰਵੇਦੀ ਅਤੇ ਪ੍ਰਮਾਣੂ ਵਿਗਿਆਨੀ ਡਾ. ਸੁਰੇਸ਼ ਹਵਾਰੇ ਸ਼ਾਮਲ ਸਨ। ਹਵਾਰੇ ਨੇ ਦੱਸਿਆ ਕਿ ਜਿਤੇਂਦਰ ਮਿਸ਼ਰਾ ਨੇ ਅਪ੍ਰੇਸ਼ਨ ਸਿੰਧੂਰ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ।
ਯੂ ਪੀ ਦੇ ਦੇਵਰੀਆ ਜ਼ਿਲ੍ਹੇ ਦੇ ਮਿਸ਼ਰਾ 30 ਅਪ੍ਰੈਲ, 2026 ਨੂੰ ਭਾਰਤੀ ਹਵਾਈ ਸੈਨਾ ਤੋਂ ਪੱਛਮੀ ਹਵਾਈ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ ਵਜੋਂ ਸੇਵਾਮੁਕਤ ਹੋਏ। ਉਨ੍ਹਾ ਏਕੀਕ੍ਰਿਤ ਰੱਖਿਆ ਸਟਾਫ (ਅਪ੍ਰੇਸ਼ਨ) ਦੇ ਡਿਪਟੀ ਚੀਫ ਵਜੋਂ ਵੀ ਸੇਵਾ ਨਿਭਾਈ। ਉਨ੍ਹਾ ਦੀ ਨਿਯੁਕਤੀ 5,585 ਬਿਨੈਕਾਰਾਂ ਦੀ ਇੱਕ ਸਖਤ ਚੋਣ ਪ੍ਰਕਿਰਿਆ ਤੋਂ ਬਾਅਦ ਹੋਈ, ਜਿਸ ਦੌਰਾਨ ਚੋਣ ਪੈਨਲ ਨੇ ਅਖੀਰ ਵਿੱਚ ਤਿੰਨ ਉਮੀਦਵਾਰ ਛਾਂਟੇ। ਟਰੱਸਟ ਨੇ ਦਿੱਲੀ ਦੇ ਮਹੇਸ਼ ਭਾਗਚੰਦਕਾ, ਅਯੁੱਧਿਆ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਮਦਨ ਮੋਹਨ ਪਾਂਡੇ ਅਤੇ ਨਿਰਮਲਾ ਯਾਦਵ ਨੂੰ ਨਵੇਂ ਟਰੱਸਟੀ ਵਜੋਂ ਸ਼ਾਮਲ ਕੀਤਾ ਹੈ। ਇੱਕ ਪੂਰੇ ਸਮੇਂ ਦੇ ਸੀ ਈ ਓ ਦੀ ਨਿਯੁਕਤੀ ਨੂੰ ਮੰਦਰ ਪ੍ਰਸ਼ਾਸਨ ਵਿੱਚ ਵਧੇਰੇ ਪੇਸ਼ੇਵਰ ਪ੍ਰਬੰਧਨ, ਵਿੱਤੀ ਅਨੁਸ਼ਾਸਨ ਅਤੇ ਪਾਰਦਰਸ਼ਤਾ ਲਿਆਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਪਹਿਲਾਂ ਮੰਦਰ ਦੇ ਵਿਆਪਕ ਕਾਰਜਾਂ ਦੀ ਨਿਗਰਾਨੀ ਲਈ ਇੱਕ ਸਮਰਪਤ ਅਧਿਕਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ।
ਚੋਣ ਪ੍ਰਕਿਰਿਆ ਢਾਂਚਾਗਤ ਮੁਲਾਂਕਣ ਪ੍ਰਣਾਲੀ ਦੇ ਆਲੇ-ਦੁਆਲੇ ਤਿਆਰ ਕੀਤੀ ਗਈ ਸੀ। ਅਰਜ਼ੀਆਂ ਦੀ ਸ਼ੁਰੂਆਤ ਵਿੱਚ ਏ ਆਈ-ਸਹਾਇਤਾ ਪ੍ਰਾਪਤ ਸਾਧਨਾਂ ਦੀ ਵਰਤੋਂ ਕਰਕੇ ਜਾਂਚ ਕੀਤੀ ਗਈ ਸੀ ਅਤੇ ਫਿਰ 600 ਅੰਕਾਂ ਦੇ ਮੁਲਾਂਕਣ ਢਾਂਚੇ ਦੇ ਤਹਿਤ ਹੱਥੀਂ ਜਾਂਚ ਕੀਤੀ ਗਈ ਸੀ। 5,585 ਬਿਨੈਕਾਰਾਂ ਵਿੱਚੋਂ 3,577 ਨੇ ਸ਼ੁਰੂਆਤੀ ਮੁਲਾਂਕਣ ਵਿੱਚ ਹਿੱਸਾ ਲਿਆ। ਘੱਟੋ-ਘੱਟ 470 ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 108 ਉਮੀਦਵਾਰਾਂ ਨਾਲ ਵਰਚੁਅਲ ਗੱਲਬਾਤ ਹੋਈ। ਅੰਤਮ ਦੌਰ ਵਿੱਚ 11 ਅਤੇ 12 ਅਗਸਤ ਨੂੰ ਅਯੁੱਧਿਆ ਵਿੱਚ 16 ਉਮੀਦਵਾਰਾਂ ਦੀ ਇੰਟਰਵਿਊ ਲਈ ਗਈ, ਜਿਸ ਤੋਂ ਬਾਅਦ ਦਾਇਰੇ ਨੂੰ ਛੋਟਾ ਕਰ ਦਿੱਤਾ ਗਿਆ। ਫਿਰ ਕਮੇਟੀ ਨੇ ਟਰੱਸਟ ਨੂੰ ਤਿੰਨ ਨਾਵਾਂ ਦੀ ਸਿਫ਼ਾਰਸ਼ ਕੀਤੀ। ਮਿਸ਼ਰਾ ਦੀ ਨਿਯੁਕਤੀ ਦਾ ਫੈਸਲਾ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ, ਸਵਾਮੀ ਕਮਲਨਯਨ ਦਾਸ, ਅੰਤਰਮ ਜਨਰਲ ਸਕੱਤਰ ਡਾ. ਕ੍ਰਿਸ਼ਨ ਮੋਹਨ, ਟਰੱਸਟੀ ਮਹੰਤ ਦਿਨੇਂਦਰ ਦਾਸ ਅਤੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਸਮੇਤ ਹੋਰਨਾਂ ਦੀ ਹਾਜ਼ਰੀ ਵਿੱਚ ਲਿਆ ਗਿਆ। ਟਰੱਸਟ ਦੇ ਅਨੁਸਾਰ ਸੀ ਈ ਓ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸੰਗਠਨ ਦੀ ਪ੍ਰਕਿਰਤੀ ਅਤੇ ਪੈਮਾਨੇ ਦੇ ਅਨੁਕੂਲ ਪ੍ਰਣਾਲੀਆਂ, ਪ੍ਰਕਿਰਿਆਵਾਂ ਅਤੇ ਸੰਚਾਲਨ ਅਭਿਆਸਾਂ ਨੂੰ ਵਿਕਸਤ ਕਰੇ, ਸੰਸਥਾ ਦੇ ਉਦੇਸ਼ਾਂ, ਪ੍ਰਕਿਰਤੀ ਅਤੇ ਆਕਾਰ ਦੇ ਅਨੁਸਾਰ ਸੰਗਠਨਾਤਮਕ ਢਾਂਚੇ ਨੂੰ ਬਣਾਏ ਅਤੇ ਮਜ਼ਬੂਤ ਕਰੇ। ਹੋਰ ਜ਼ਿੰਮੇਵਾਰੀਆਂ ਦੇ ਨਾਲ ਸੀ ਈ ਓ ਸੰਗਠਨ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਟਾਫ ਲਈ ਜ਼ਿੰਮੇਵਾਰ ਸਰਵਉੱਚ ਕਾਰਜਕਾਰੀ ਅਥਾਰਟੀ ਵਜੋਂ ਕੰਮ ਕਰੇਗਾ।