ਜਲੰਧਰ : ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਇੰਸਟਾਗਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਗੀਤ ਗਰੇਵਾਲ ਨਾਲ ਤਲਾਕ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਦੋਹਾਂ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਹੋਇਆ ਸੀ। ਗੀਤ ਗਰੇਵਾਲ ਰਾਜਸੀ ਸ਼ਖਸੀਅਤ ਤੇ ਵਕੀਲ ਹੈ। ਜੋੜੇ ਦੇ ਘਰ 2022 ਵਿੱਚ ਧੀ ਨੇ ਜਨਮ ਲਿਆ ਸੀ। ਪਰਮੀਸ਼ ਨੇ ਮਾਡਲ ਤੇ ਅਦਾਕਾਰਾ ਹਰਮਨ ਬਰਾੜ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਸੰਕੇਤ ਵੀ ਦਿੱਤੇ ਹਨ।
ਤਬੀਅਤ ਵਿਗੜਨ ‘ਤੇ ਮੋਹਨਜੀਤ ਰਜਿੰਦਰਾ ਹਸਪਤਾਲ ਰੈਫਰ
ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਇੱਥੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਉਸ ਨੇ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਵਿਰੁੱਧ ਰੋਸ ਵਜੋਂ ਕਾਲਾ ਝੰਡਾ ਦਿਖਾ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ ‘ਤੇ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਪੁਲਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਹਰੀਕੇ ਵਿਖੇ ਬਣੇਗੀ ਖਾਲੜਾ ਦੀ ਯਾਦਗਾਰ : ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਹਰੀਕੇ ਵਿਖੇ ਯਾਦਗਾਰ ਜਲਦੀ ਬਣਾਈ ਜਾਵੇਗੀ। ਇਹ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਜਸਵੰਤ ਸਿੰਘ ਖਾਲੜਾ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਧਾਮੀ ਨੇ ਆਖਿਆ ਕਿ ਖਾਲੜਾ ਤੇ ਹੋਰ ਸਿੱਖਾਂ ਦੀ ਹਰੀਕੇ ਵਿਖੇ ਯਾਦਗਾਰ ਬਣਾਉਣ ਲਈ ਇੱਕ ਸਬ-ਕਮੇਟੀ ਬਣਾਈ ਗਈ ਹੈ, ਜਿਸ ਵੱਲੋਂ ਜਲਦੀ ਹੀ ਲੋੜੀਂਦੀ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇਗਾ ।




