ਏ ਐੱਸ ਆਈ ’ਤੇ ਗੋਲੀ ਚਲਾਉਣ ਵਾਲਾ ਮੁਕਾਬਲੇ ’ਚ ਮਾਰਿਆ

0
10

ਚੇਤਨਪੁਰਾ/ਜੈਂਤੀਪੁਰ
(ਸੁਖਵੰਤ ਸਿੰਘ ਚੇਤਨਪੁਰੀ/ਸੁਖਬੀਰ ਸਿਧੂ)
ਥਾਣਾ ਝੰਡੇਰ ਦੇ ਪਿੰਡ ਕੰਦੋਵਾਲੀ ਨੇੜੇ ਏ ਐੱਸ ਆਈ ਜਸਵੰਤ ਸਿੰਘ ’ਤੇ ਗੋਲੀ ਚਲਾਉਣ ਵਾਲਾ ਕਰਨਬੀਰ ਸਿੰਘ ਉਰਫ ਕਰਮਵੀਰ ਉਰਫ ਨਿੰਦੀ (19) ਪੁਲਸ ਮੁਕਾਬਲੇ ਵਿਚ ਮਾਰਿਆ ਗਿਆ| ਦੋ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ| ਹੌਲਦਾਰ ਮਨਦੀਪ ਸਿੰਘ ਦੀ ਛਾਤੀ ’ਤੇ ਗੋਲੀ ਲਗੀ, ਪਰ ਬੁਲੇਟ ਪਰੂਫ ਜੈਕਟ ਕਾਰਨ ਗੰਭੀਰ ਜ਼ਖਮ ਤੋਂ ਬਚਾਅ ਹੋ ਗਿਆ| ਹੌਲਦਾਰ ਅੰਮ੍ਰਿਤਪਾਲ ਸਿੰਘ ਦੀ ਲਤ ’ਤੇ ਗੋਲੀ ਲਗੀ| ਆਈ ਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਝੰਡੇਰ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਰਾਜਾਸਾਂਸੀ ਥਾਣਾ ਅਧੀਨ ਆਉਂਦੇ ਪਿੰਡ ਜਹਾਨਟੀ ਦਾ ਰਹਿਣ ਵਾਲਾ ਕਰਨਬੀਰ ਸਿੰਘ ਇਲਾਕੇ ਵਿੱਚ ਘੁੰਮ ਰਿਹਾ ਹੈ ਅਤੇ ਕਿਸੇ ਅਪਰਾਧ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ| ਜਦੋਂ ਉਸ ਨੂੰ ਮੋਟਰਸਾਈਕਲ ’ਤੇ ਆਉਂਦਿਆਂ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ| ਜਵਾਬੀ ਕਾਰਵਾਈ ਵਿੱਚ ਪੁਲਸ ਵੱਲੋਂ 5 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਕਰਨਬੀਰ ਸਿੰਘ ਦੀ ਲੱਤ ਅਤੇ ਛਾਤੀ ਵਿੱਚ ਲੱਗੀਆਂ| ਉਸ ਨੂੰ ਸਿਵਲ ਹਸਪਤਾਲ ਅਜਨਾਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ|
ਕਰਨਬੀਰ ਸਿੰਘ ਨੂੰ ਭਲਾ ਪਿੰਡ ਸ਼ੂਗਰ ਮਿਲ ਨੇੜੇ ਏ ਐੱਸ ਆਈ ਜਸਵੰਤ ਸਿੰਘ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਰਾਜਾਸਾਂਸੀ ਥਾਣੇ ਵਿੱਚ ਦਰਜ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਪੁਲਸ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਮਜੀਠਾ ਇਲਾਕੇ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਏ ਜਾਣ ਸਮੇਂ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ, ਜਿਸ ਦੇ ਸੰਬੰਧ ਵਿੱਚ ਮਜੀਠਾ ਪੁਲਸ ਸਟੇਸ਼ਨ ਵਿੱਚ ਇੱਕ ਵੱਖਰੀ ਐੱਫ ਆਈ ਆਰ ਦਰਜ ਕੀਤੀ ਗਈ ਸੀ| ਇਸ ਤੋਂ ਇਲਾਵਾ ਪੁਲਸ ਮੁਤਾਬਕ ਕਰਨਬੀਰ ਸਿੰਘ ਨੂੰ 2025 ਵਿੱਚ ਘਰਿੰਡਾ ਪੁਲਸ ਸਟੇਸ਼ਨ ਵਿੱਚ ਦਰਜ ਇੱਕ ਐੱਫ ਆਈ ਆਰ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ, ਜਿਸ ਸਮੇਂ ਉਸ ਨੂੰ ਨਾਬਾਲਗ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ| ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁਕਾਬਲੇ ਵਾਲੀ ਥਾਂ ਤੋਂਂ ਇੱਕ ਗਲੌਕ 9-ਐੱਮ ਐੱਮ ਪਿਸਤੌਲ, ਇੱਕ 30-ਬੋਰ ਦਾ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ|