ਦੋ ਵਿਦਿਆਰਥੀਆਂ ਵੱਲੋਂ ‘ਖੁਦਕੁਸ਼ੀ’

0
9

ਜਲੰਧਰ (ਨ ਜ਼ ਸ)-ਚਹੇੜੂ ਦੇ ਲਾਅ ਗੇਟ ਇਲਾਕੇ ਵਿੱਚ ਇੱਕ ਨਿੱਜੀ ਪੀ ਜੀ ਵਿੱਚੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ | ਇਹ ਘਟਨਾ 10 ਅਤੇ 11 ਅਕਤੂਬਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ | ਮਿ੍ਤਕ ਦੀ ਪਛਾਣ ਅਭਿਸ਼ੇਕ ਪਟੇਲ ਪੁੱਤਰ ਸੀਆ ਰਾਮ ਪਟੇਲ, ਵਾਸੀ ਚੰਦਾਪੁਰ, ਜ਼ਿਲ੍ਹਾ ਬਨਾਰਸ ਵਜੋਂ ਹੋਈ ਹੈ |
ਮੁੱਢਲੀਆਂ ਰਿਪੋਰਟਾਂ ਮੁਤਾਬਕ ਵਿਦਿਆਰਥੀ ਨਿੱਜੀ ਸਮੱਸਿਆਵਾਂ ਕਾਰਨ ਮਾਨਸਿਕ ਤਣਾਅ ਵਿੱਚ ਰਹਿ ਰਿਹਾ ਸੀ | ਹਾਲਾਂਕਿ ਉਸ ਦੀ ਮੌਤ ਦੇ ਅਸਲ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਉਧਰ, ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਰਾਂਚੀ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨੇ ਸ਼ਨੀਵਾਰ ਰਾਤ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ | ਇਸ ਦਾ ਪਤਾ ਉਦੋਂ ਲੱਗਾ, ਜਦੋਂ ਹੋਸਟਲ ਦੇ ਸਾਥੀਆਂ ਨੇ ਕਮਰੇ ਨੂੰ ਅੰਦਰੋਂ ਬੰਦ ਦੇਖ ਕੇ ਸੰਸਥਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ | ਮਿ੍ਤਕ ਦੀ ਪਛਾਣ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਆਦਿਤਿਆ ਵਜੋਂ ਹੋਈ ਹੈ |
ਪੁਲਸ ਨੇ ਦੱਸਿਆ ਕਿ ਉਸ ਦੀ ਉਮਰ 19 ਤੋਂ 20 ਸਾਲ ਦੇ ਵਿਚਕਾਰ ਸੀ | ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਪ੍ਰੀਖਿਆ ਦੇ ਦਬਾਅ ਹੇਠ ਖੁਦਕੁਸ਼ੀ ਕੀਤੀ | ਪ੍ਰੀਖਿਆਵਾਂ 8 ਅਕਤੂਬਰ ਨੂੰ ਸ਼ੁਰੂ ਹੋਈਆਂ ਸਨ | ਘਟਨਾ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਕਾਲਜ ਅਧਿਕਾਰੀਆਂ ਦੀ ਗਲਤੀ ਸੀ, ਕਿਉਂਕਿ ਪੀੜਤ ਨੂੰ ਸਮੇਂ ਸਿਰ ਹਸਪਤਾਲ ਨਹੀਂ ਲਿਜਾਇਆ ਗਿਆ |
ਵਿਦਿਆਰਥੀ ਵੈਭਵ ਨੇ ਕਿਹਾ, ”ਇਹ ਖੁਦਕੁਸ਼ੀ ਦਾ ਮਾਮਲਾ ਨਹੀਂ, ਸਗੋਂ ਕਤਲ ਦਾ ਮਾਮਲਾ ਹੈ, ਕਿਉਂਕਿ ਪੀੜਤ ਜ਼ਿੰਦਾ ਸੀ | ਕਾਲਜ ਅਧਿਕਾਰੀਆਂ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ; ਉਨ੍ਹਾਂ ਦੀ ਐਂਬੂਲੈਂਸ ਦਾ ਕੋਈ ਡਰਾਈਵਰ ਨਹੀਂ ਸੀ | ਕੋਈ ਵੀ ਉਸ ਨੂੰ ਚੁੱਕਣ ਅਤੇ ਹਸਪਤਾਲ ਲਿਜਾਣ ਲਈ ਤਿਆਰ ਨਹੀਂ ਸੀ | ਵਾਰਡਨ ਨੇ ਸਾਨੂੰ ਉਸ ਦੀ ਜਾਨ ਬਚਾਉਣ ਲਈ ਉਸ ਨੂੰ ਸੀ ਪੀ ਆਰ ਦੇਣ ਤੋਂ ਰੋਕ ਦਿੱਤਾ |” ਸੈਂਕੜੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੀੜਤ ਲਈ ਇਨਸਾਫ ਦੀ ਮੰਗ ਕੀਤੀ |