ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਪਰਗਟ ਸਿੰਘ ਨੇ ਐਤਵਾਰ ਕਿਹਾ ਕਿ ਉਹ ਸੂਬੇ ਵਿੱਚ ਸਾਫ-ਸੁਥਰੀ ਸਿਆਸਤ ਕਰਨਗੇ ਅਤੇ ਪਾਰਟੀ ਦੇ ਅੰਦਰ ਤੇ ਪਾਰਟੀ ਤੋਂ ਬਾਹਰ ਬਦਲਾਖੋਰੀ ਦੇ ਰਾਹ ਨਹੀਂ ਪੈਣਗੇ, ਬਲਕਿ ਅਸੂਲਾਂ ਦੀ ਸਿਆਸਤ ਹੋਵੇਗੀ | ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਕਾਂਗਰਸ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਰੇ ਸੀਨੀਅਰ ਆਗੂ ਮੌਜੂਦ ਸਨ | ਰਾਜਾ ਵੜਿੰਗ ਦੇ ਸਮਰਥਕ ਉਨ੍ਹਾ ਦੇ ਗ੍ਰਹਿ ਵਿਖੇ ਇਕੱਠੇ ਹੋਏ ਸਨ | ਰਾਜਾ ਵੜਿੰਗ ਨੇ ਕਿਹਾ ਕਿ ਉਹ ਪਾਰਟੀ ਲੀਡਰਾਂ ਦੇ ਇੱਕ ਧੜੇ ਦੇ ਵਿਰੋਧ ਦੇ ਬਾਵਜੂਦ ਇੱਥੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਪਹੁੰਚੇ ਹਨ | ਉਹ ਕਾਂਗਰਸ ਪਾਰਟੀ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ | ਵੜਿੰਗ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ | ਚੰਨੀ ਨੇ ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਪਏ ਮੀਂਹ ਨੂੰ ਸ਼ੁੱਭ ਸ਼ਗਨ ਦੱਸਿਆ |



