ਲੋਕਾਂ ਨੂੰ ਏਨਾ ਵੀ ਨਾ ਡਰਾਓ…ਕਿ ਡਰ ਹੀ ਖਤਮ ਹੋ ਜਾਵੇ : ਧਰੁਵ ਰਾਠੀ

0
6

ਗੁਰੂਗ੍ਰਾਮ (ਨਵਾਂ ਜ਼ਮਾਨਾ ਸਰਵਿਸ)
ਜੰਤਰ-ਮੰਤਰ ਦੇ ਪ੍ਰੋਟੈੱਸਟ ‘ਚ ਸ਼ਾਮਲ ਹੋਣ ਤੋਂ ਪਹਿਲਾਂ ਗੁਰੂਗ੍ਰਾਮ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਗਏ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਸ਼ਨਿੱਚਰਵਾਰ ਦੇਰ ਰਾਤ ਰਿਹਾਅ ਹੋਣ ਤੋਂ ਬਾਅਦ ਇੱਕ ਵੀਡੀਓ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਉਸ ਨੂੰ ਨਾ ਗਿ੍ਫਤਾਰ ਜਾਂ ਹਿਰਾਸਤ ਵਿੱਚ ਨਹੀਂ ਲਿਆ ਗਿਆ, ਸਗੋਂ ਅਗਵਾ ਕੀਤਾ ਗਿਆ ਸੀ |
ਅਧਿਕਾਰੀਆਂ ਮੁਤਾਬਕ ਰਾਠੀ ਨੂੰ ਐਤਵਾਰ ਤੜਕੇ ਕਰੀਬ 3 ਵਜੇ ਰਿਹਾਅ ਕਰਕੇ ਉਸ ਦੇ ਪਰਵਾਰ ਹਵਾਲੇ ਕਰ ਦਿੱਤਾ ਗਿਆ | ਉਸ ਨੂੰ ਸਵੇਰੇ ਕਰੀਬ 9:30 ਵਜੇ ਗੁਰੂਗ੍ਰਾਮ ਦੇ ਸੈਕਟਰ 56 ਸਥਿਤ ਕੇਂਦਰੀ ਵਿਹਾਰ ਸੁਸਾਇਟੀ ਵਿੱਚ ਉਸ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਸੀ |
ਰਾਠੀ ਨੇ ਦੋਸ਼ ਲਗਾਇਆ ਹੈ ਕਿ ਸਾਦੇ ਕੱਪੜਿਆਂ ਵਿੱਚ ਲੱਗਭੱਗ 20 ਲੋਕ ਉਸ ਦੇ ਘਰ ਵਿੱਚ ਦਾਖਲ ਹੋਏ, ਜਦੋਂ ਉਹ ਸੁੱਤਾ ਪਿਆ ਸੀ ਅਤੇ ਆਪਣੀ ਪਛਾਣ ਦੱਸੇ ਬਿਨਾਂ ਉਸ ਨੂੰ ਚੁੱਕ ਕੇ ਲੈ ਗਏ | ਸਵੇਰੇ 7 ਵਜੇ ਦੇ ਕਰੀਬ ਉਸ ਦੀ ਮਾਂ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਸ ਨੇ ਕਈ ਲੋਕਾਂ ਨੂੰ ਬਾਹਰ ਦੇਖਿਆ | ਉਸ ਨੇ ਦੋਸ਼ ਲਗਾਇਆ ਕਿ ਉਹ ਆਦਮੀ ਧੱਕੇ ਨਾਲ ਘਰ ਦੇ ਅੰਦਰ ਵੜ ਗਏ, ਉਸ ਦੇ ਬੈੱਡਰੂਮ ਵਿੱਚ ਦਾਖਲ ਹੋਏ ਅਤੇ ਉਸ ਨੂੰ ਲੈ ਗਏ | ਉਸ ਨੂੰ ਗੱਡੀ ਵਿੱਚ ਲਿਜਾਣ ਤੋਂ ਪਹਿਲਾਂ ਚੱਪਲਾਂ ਪਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ | ਇਹ ਦੱਸਦੇ ਹੋਏ ਕਿ ਉਸ ਨੇ ‘ਅਗਵਾ’ ਸ਼ਬਦ ਕਿਉਂ ਵਰਤਿਆ, ਰਾਠੀ ਨੇ ਕਿਹਾ ਕਿ ਜਿਹੜੇ ਲੋਕ ਉਸ ਨੂੰ ਲੈ ਗਏ ਸਨ, ਉਨ੍ਹਾਂ ਨੇ ਨਾ ਤਾਂ ਆਪਣੀ ਪਛਾਣ ਦੱਸੀ ਅਤੇ ਨਾ ਹੀ ਉਸ ਨੂੰ ਉਨ੍ਹਾਂ ਕਾਨੂੰਨੀ ਵਿਵਸਥਾਵਾਂ ਬਾਰੇ ਦੱਸਿਆ, ਜਿਨ੍ਹਾਂ ਦੇ ਤਹਿਤ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ | ਉਸ ਨੇ ਕਿਹਾ, ”ਜੇ ਪੁਲਸ ਆਉਂਦੀ, ਮੈਨੂੰ ਆਪਣੇ ਪਛਾਣ ਪੱਤਰ ਦਿਖਾਉਂਦੀ ਅਤੇ ਕਾਨੂੰਨ ਦੀਆਂ ਉਹ ਧਾਰਾਵਾਂ ਸਮਝਾਉਂਦੀ, ਜਿਨ੍ਹਾਂ ਤਹਿਤ ਮੈਨੂੰ ਪੁਲਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ, ਤਾਂ ਮੈਂ ਆਪਣੀ ਮਰਜ਼ੀ ਨਾਲ ਜਾਂਦਾ, ਪਰ ਅਜਿਹਾ ਕੁਝ ਵੀ ਨਹੀਂ ਹੋਇਆ | ਉਨ੍ਹਾਂ ਨੇ ਮੈਨੂੰ ਆਪਣੇ ਘਰ ਵਿੱਚ ਸੁੱਤੇ ਪਏ ਨੂੰ ਅਗਵਾ ਕਰਨ ਲਈ ਗੁੰਡੇ ਭੇਜੇ |”
ਰਾਠੀ ਨੇ ਦੋਸ਼ ਲਗਾਇਆ ਕਿ ਉਸ ਨੂੰ ਕਈ ਪੁਲਸ ਥਾਣਿਆਂ ਵਿੱਚ ਲਿਜਾਇਆ ਗਿਆ ਅਤੇ ਲੱਗਭੱਗ 20 ਘੰਟਿਆਂ ਤੱਕ ਉਸ ਦੇ ਵਕੀਲ ਨਾਲ ਸੰਪਰਕ ਕਰਨ ਜਾਂ ਫੋਨ ਤੱਕ ਪਹੁੰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਉਸ ਦੇ ਬੈੱਡਰੂਮ ਤੋਂ ਪੌੜੀਆਂ ਰਾਹੀਂ ਘਸੀਟ ਕੇ ਬਾਹਰ ਕੱਢਣ ਦੌਰਾਨ ਸੱਟਾਂ ਲੱਗੀਆਂ | ਜੋ ਲੋਕ ਉਸ ਦੇ ਘਰ ਵਿੱਚ ਦਾਖਲ ਹੋਏ ਸਨ, ਉਹ ਉਸ ਦਾ ਫੋਨ ਅਤੇ ਉਸ ਦੇ ਮਾਪਿਆਂ ਦਾ ਫੋਨ ਵੀ ਲੈ ਗਏ | ਉਸ ਨੇ ਕਿਹਾ ਕਿ ਘਟਨਾ ਦੌਰਾਨ ਜੋ ਕੁਝ ਹੋਇਆ, ਉਸ ਨੂੰ ਰਿਕਾਰਡ ਕਰਨ ਦਾ ਕੋਈ ਮੌਕਾ ਨਹੀਂ ਸੀ | ਉਸ ਨੇ ਅੱਗੇ ਦੋਸ਼ ਲਗਾਇਆ ਕਿ ਉਸ ਨੂੰ ਵਾਰ-ਵਾਰ ਕਿਹਾ ਗਿਆ ਕਿ ਉਸ ਨੂੰ ਗਿ੍ਫਤਾਰ ਜਾਂ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਭਾਵੇਂ ਉਸ ਨੂੰ 20 ਘੰਟੇ ਪੁਲਸ ਸਟੇਸ਼ਨ ਵਿੱਚ ਰੱਖਿਆ ਗਿਆ ਸੀ | ਵੀਡੀਓ ਵਿੱਚ ਰਾਠੀ ਨੇ ਆਪਣਾ ਪਾਸਪੋਰਟ ਦਿਖਾਇਆ ਤਾਂ ਜੋ ਮੀਡੀਆ ਦੇ ਕੁਝ ਹਿੱਸਿਆਂ ਦੁਆਰਾ ਆਪਣੀ ਨਾਗਰਿਕਤਾ ਅਤੇ ਪ੍ਰਸਤਾਵਿਤ ਪ੍ਰਦਰਸ਼ਨ ਵਿੱਚ ਭਾਗੀਦਾਰੀ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਜਵਾਬ ਦਿੱਤਾ ਜਾ ਸਕੇ | ਉਸ ਨੇ ਕਿਹਾ, ”ਪਹਿਲਾਂ, ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ : ਇਹ ਮੇਰਾ ਪਾਸਪੋਰਟ ਹੈ | ਮੈਂ ਇੱਕ ਭਾਰਤੀ ਨਾਗਰਿਕ ਹਾਂ, ਮੈਂ ਇੱਕ ਸੀ ਅਤੇ ਮੈਂ ਇੱਕ ਰਹਾਂਗਾ |”
ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿ ਉਸ ਦੀ ਨਾਗਰਿਕਤਾ ਦਾ ਮਤਲਬ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲੈ ਰਿਹਾ ਸੀ, ਰਾਠੀ ਨੇ ਕਿਹਾ ਕਿ ਉਸ ਦੇ ਵੀ ਉਹੀ ਅਧਿਕਾਰ ਹਨ ਜੋ ਕਿਸੇ ਵੀ ਹੋਰ ਭਾਰਤੀ ਨਾਗਰਿਕ ਦੇ ਹਨ | ਉਸ ਨੇ ਸਵਾਲ ਕੀਤਾ ਕਿ ਕੀ ਇੱਕ ਲੋਕਤੰਤਰੀ ਦੇਸ਼ ਵਿੱਚ ਇੱਕ ਅਜਿਹੇ ਨਾਗਰਿਕ ਨਾਲ ਅਜਿਹਾ ਵਿਵਹਾਰ ਸੰਭਵ ਹੈ, ਜਿਸ ਨੇ ਕੋਈ ਕਾਨੂੰਨ ਨਹੀਂ ਤੋੜਿਆ | ਉਸ ਨੇ ਦਲੀਲ ਦਿੱਤੀ ਕਿ ਲੋਕਾਂ ਨੂੰ ਦੇਸ਼ ਨਾਲ ਸੰਬੰਧਤ ਮੁੱਦਿਆਂ ‘ਤੇ ਆਪਣੀ ਆਵਾਜ਼ ਚੁੱਕਣ ਦੇ ਯੋਗ ਹੋਣਾ ਚਾਹੀਦਾ ਹੈ, ਜਿਸ ਵਿੱਚ ਇੱਕ ਬਿਹਤਰ ਚੋਣ ਕਮਿਸ਼ਨ ਦੀ ਮੰਗ ਵੀ ਸ਼ਾਮਲ ਹੈ |
ਰਾਠੀ ਨੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਨਾਲ ਅਧਿਕਾਰੀਆਂ ਦੇ ਨਜਿੱਠਣ ਦੀ ਵੀ ਆਲੋਚਨਾ ਕੀਤੀ ਅਤੇ ਨਰਿੰਦਰ ਮੋਦੀ ਸਰਕਾਰ ‘ਤੇ ਭਾਰਤ ਨੂੰ ਤਾਨਾਸ਼ਾਹੀ ਵਿੱਚ ਬਦਲਣ ਦਾ ਦੋਸ਼ ਲਗਾਇਆ | ਉਸ ਨੇ ਕਿਹਾ, ”ਇਹ ਇੱਕ ਸਿੱਧੀ ਅਣਅਧਿਕਾਰਤ ਐਮਰਜੈਂਸੀ ਹੈ |”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਬ ਹੁੰਦਿਆਂ ਰਾਠੀ ਨੇ ਕਿਹਾ, ”ਲੋਕਾਂ ਨੂੰ ਏਨਾ ਵੀ ਨਾ ਡਰਾਓ ਕਿ ਉਹ ਆਪਣਾ ਡਰ ਪੂਰੀ ਤਰ੍ਹਾਂ ਗੁਆ ਬੈਠਣ | ਜਿੰਨਾ ਜ਼ਿਆਦਾ ਤੁਸੀਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਉਨ੍ਹਾਂ ਦੀ ਆਵਾਜ਼ ਓਨੀ ਹੀ ਉੱਚੀ ਹੋਵੇਗੀ |”
ਰਾਠੀ ਨੇ ਵੀਡੀਓ ਦਾ ਅੰਤ ਇਹ ਕਹਿ ਕੇ ਕੀਤਾ ਕਿ ਉਹ ਦੇਸ਼ ਨਾਲ ਸੰਬੰਧਤ ਮੁੱਦਿਆਂ ‘ਤੇ ਬੋਲਣਾ ਜਾਰੀ ਰੱਖੇਗਾ, ਭਾਵੇਂ ਉਸ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |