ਸੁਪਰੀਮ ਕੋਰਟ ਵੱਲੋਂ ਵਰਜਣ ਦੇ ਬਾਵਜੂਦ ਦਿੱਲੀ ‘ਚ ਸਖਤੀ ਤੇ ਫੜੋਫੜੀ ਜਾਰੀ

0
4

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨਵੀਂ ਦਿੱਲੀ ਜ਼ਿਲ੍ਹੇ ਵਿੱਚ ਐਤਵਾਰ ਹਫੜਾ-ਦਫੜੀ ਮਚ ਗਈ, ਜਦੋਂ ਕਈ ਗਰੁੱਪਾਂ ਨੇ ਚੋਣ ਕਮਿਸ਼ਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਗੈਰ-ਕਾਨੂੰਨੀ ਹਿਰਾਸਤਾਂ ਵਿਰੁੱਧ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੱਤਰਕਾਰਾਂ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ |
ਪੱਤਰਕਾਰਾਂ, ਜਿਨ੍ਹਾਂ ਵਿੱਚ ਇੱਕ ਕੌਮੀ ਰੋਜ਼ਾਨਾ ਅਖਬਾਰ ਦਾ ਪੱਤਰਕਾਰ, ਡਿਜੀਟਲ ਨਿਊਜ਼ ਪਲੇਟਫਾਰਮਾਂ ਦਾ ਪੱਤਰਕਾਰ ਅਤੇ ਕੈਮਰਾਮੈਨ ਸ਼ਾਮਲ ਸਨ, ਸਣੇ 70 ਤੋਂ ਵੱਧ ਲੋਕਾਂ ਨੂੰ ਪ੍ਰੈੱਸ ਕਲੱਬ ਆਫ ਇੰਡੀਆ ਦੇ ਬਾਹਰ ਹਿਰਾਸਤ ਵਿੱਚ ਲਿਆ ਗਿਆ | ਕਨਾਟ ਪਲੇਸ ਵਿਖੇ ਨਜ਼ਰਬੰਦਾਂ ਨਾਲ ਭਰੀ ਇੱਕ ਬੱਸ ਵਿੱਚ ਦੋ ਪੱਤਰਕਾਰ ਅਤੇ ਘੱਟੋ-ਘੱਟ ਦੋ ਪ੍ਰਦਰਸ਼ਨਕਾਰੀ ਸ਼ਾਮਲ ਸਨ, ਜਿਨ੍ਹਾਂ ਦੇ ਸਰੀਰ ‘ਤੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਵਿੱਚੋਂ ਖੂਨ ਵਹਿ ਰਿਹਾ ਸੀ | ਪੁਲਸ ਨੇ ਇਹ ਕਾਰਵਾਈ ਸੁਪਰੀਮ ਕੋਰਟ ਦੇ ਉਸ ਹੁਕਮ ਦੇ ਬਾਵਜੂਦ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਾਂਤਮਈ, ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ |
ਏ ਆਈ ਐੱਸ ਏ ਦੀ ਪ੍ਰਧਾਨ ਨੇਹਾ ਬੋਰਾ ਅਤੇ ਸੀ ਪੀ ਆਈ (ਐੱਮ) ਨੇਤਾ ਜੌਨ ਬਿ੍ਟਾਸ ਨੂੰ ਕਨਾਟ ਪਲੇਸ ਵਿਖੇ ਹਿਰਾਸਤ ਵਿੱਚ ਲਿਆ ਗਿਆ | ਜਵਾਨਾਂ ਵੱਲੋਂ ਘੜੀਸਣ ‘ਤੇ ਬਿ੍ਟਾਸ ਜ਼ਖਮੀ ਹੋ ਗਏ | ਨੇਹਾ ਬੋਰਾ ਨੂੰ ਕਨਾਟ ਪਲੇਸ ਵੱਲ ਮਾਰਚ ਕਰਨ ਅਤੇ ਫਿਰ ਐੱਚ ਬਲਾਕ ਵੱਲ ਭੱਜਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ | ਨੇਹਾ ਬੋਰਾ ਨੇ ਸ਼ਨੀਵਾਰ ਦੇਰ ਰਾਤ ਦੀ ਇੱਕ ਪੋਸਟ ਵਿੱਚ ਐਲਾਨਿਆ ਸੀ, ‘ਸੌ ਜੰਤਰ-ਮੰਤਰ ਖਿੜਨ ਦਿਓ! ਕੱਲ੍ਹ ਦਿੱਲੀ ਦਾ ਇੱਕ ਹੋਰ ਹਿੱਸਾ ਜੰਤਰ-ਮੰਤਰ ਬਣ ਜਾਵੇਗਾ |’
ਰਾਏਸੀਨਾ ਰੋਡ ‘ਤੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਪ੍ਰੈੱਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਐੱਨ ਐੱਸ ਯੂ ਆਈ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀ ਐੱਸ ਆਈ ਆਰ ਵਿੱਚ ਬੇਨੇਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ | ਦਿੱਲੀ ਪੁਲਸ ਨੇ ਐਤਵਾਰ ਵੀ ਕੇਂਦਰੀ ਦਿੱਲੀ ਵਿੱਚ ਆਪਣੀ ਸਖਤੀ ਜਾਰੀ ਰੱਖੀ, ਜੰਤਰ-ਮੰਤਰ ਨੂੰ ਸੀਲ ਰੱਖਿਆ, ਰਾਜਧਾਨੀ ਦੀਆਂ ਸਰਹੱਦਾਂ ‘ਤੇ ਬੈਰੀਕੇਡ ਬਣਾਈ ਰੱਖੇ ਅਤੇ 30 ਥਾਵਾਂ ‘ਤੇ ਆਵਾਜਾਈ ਨੂੰ ਮੋੜ ਦਿੱਤਾ, ਕਿਉਂਕਿ ਕਾਕਰੋਚ ਜਨਤਾ ਪਾਰਟੀ ਨੇ ਸ਼ਹਿਰ ਭਰ ਵਿੱਚ ਅੰਦਾਜ਼ਨ 7,000 ਲੋਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਆਪਣਾ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਕਰਨ ਦੀ ਸਹੁੰ ਖਾਧੀ |
ਸੁਪਰੀਮ ਕੋਰਟ ਨੇ ਐਤਵਾਰ ਖਾਸ ਬੈਠਕ ਲਾ ਕੇ ਹੁਕਮ ਦਿੱਤਾ ਕਿ ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਕੋਈ ਗੈਰ-ਕਾਨੂੰਨੀ ਨਜ਼ਰਬੰਦੀ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਲੋਕਾਂ ਦੀ ਸੁਤੰਤਰ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ | ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਕਿਹਾ, Tਕਾਨੂੰਨ ਦੁਆਰਾ ਸਥਾਪਤ ਪ੍ਰਕਿਰਿਆ ਤੋਂ ਬਿਨਾਂ ਕੋਈ ਗੈਰ-ਕਾਨੂੰਨੀ ਹਿਰਾਸਤ ਨਹੀਂ ਹੋਵੇਗੀ, ਖਾਸਕਰ ਉਸ ਖੇਤਰ ਤੋਂ ਬਾਹਰ, ਜਿੱਥੇ ਪਾਬੰਦੀਆਂ ਲਗਾਈਆਂ ਗਈਆਂ ਹਨ |”
ਇਸ ਦੇ ਨਾਲ ਹੀ ਬੈਂਚ ਨੇ ਦਿੱਲੀ ਮੈਟਰੋ ਅਤੇ ਰੇਲ ਸੇਵਾਵਾਂ ਨੂੰ ਆਮ ਵਾਂਗ ਚਲਾਉਣ ਦੇ ਨਿਰਦੇਸ਼ ਦਿੱਤੇ, ਜਦੋਂ ਤੱਕ ਸੰਵਿਧਾਨ ਦੀ ਧਾਰਾ 19 (2) ਤਹਿਤ ਜਨਤਕ ਵਿਵਸਥਾ ਬਣਾਈ ਰੱਖਣ ਲਈ ਕੋਈ ਵਿਸ਼ੇਸ਼ ਨਿਯਮ ਲਾਗੂ ਕਰਨ ਦੀ ਲੋੜ ਨਾ ਹੋਵੇ |
ਅਦਾਲਤ ਵੱਲੋਂ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਅਧੀਨ ਲੋਕਾਂ ਦੀ ਆਮ ਆਵਾਜਾਈ ਖੁੱਲ੍ਹੀ ਰੱਖਣ ਲਈ ਕਿਹਾ ਗਿਆ ਹੈ | ਇਸ ਦੇ ਨਾਲ ਹੀ ਕਾਨੂੰਨ-ਵਿਵਸਥਾ ਅਤੇ ਟਰੈਫਿਕ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਏ ਗਏ ਬੈਰੀਕੇਡਾਂ ਦੀ ਤੁਰੰਤ ਸਮੀਖਿਆ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ | ਅਦਾਲਤ ਨੇ ਕਿਹਾ ਕਿ ਕਾਨੂੰਨ ਅਨੁਸਾਰ ਇੰਟਰਨੈੱਟ ਸੇਵਾਵਾਂ ਬਿਨਾਂ ਰੁਕਾਵਟ ਜਾਰੀ ਰਹਿਣਗੀਆਂ, ਹਾਲਾਂਕਿ ਅਦਾਲਤ ਨੇ ਆਈ ਟੀ ਐਕਟ ਅਧੀਨ ਅਧਿਕਾਰੀਆਂ ਦੇ ਕਾਨੂੰਨੀ ਅਧਿਕਾਰਾਂ ਵਿੱਚ ਦਖਲ ਨਹੀਂ ਦਿੱਤਾ | ਸੁਪਰੀਮ ਕੋਰਟ ਦੇ ਆਸ-ਪਾਸ ਧਾਰਾ 163 ਲਗਾਏ ਜਾਣ ਦੀ ਵਕੀਲਾਂ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਅਦਾਲਤ ਨੇ ਸੰਬੰਧਤ ਅਧਿਕਾਰੀਆਂ ਨੂੰ ਨੋਟਿਸ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਨਾਗਰਿਕਾਂ ਅਤੇ ਵਕੀਲਾਂ ਲਈ ਅਦਾਲਤ ਤੱਕ ਪਹੁੰਚ ਬਿਨਾਂ ਰੋਕ-ਟੋਕ ਬਣੀ ਰਹੇ | ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਸ਼ਹਿਰ ‘ਚ ਇੰਟਰਨੈੱਟ ਸੇਵਾਵਾਂ ਬਹਾਲ ਹਨ, ਮੈਟਰੋ ਅਤੇ ਰੇਲਾਂ ਪੂਰੀ ਤਰ੍ਹਾਂ ਚੱਲ ਰਹੀਆਂ ਹਨ | ਉਨ੍ਹਾ ਭਰੋਸਾ ਦਿੱਤਾ ਕਿ ਵਕੀਲਾਂ, ਪੱਤਰਕਾਰਾਂ ਅਤੇ ਹੋਰ ਪੇਸ਼ੇਵਰਾਂ ਦੇ ਕੰਮ ਵਿੱਚ ਕੋਈ ਅੜਿੱਕਾ ਨਹੀਂ ਆਵੇਗਾ | ਉਨ੍ਹਾ ਦੱਸਿਆ ਕਿ ਮੈਟਰੋ ਦੇ ਕੁੱਲ 303 ਸਟੇਸ਼ਨਾਂ ਵਿੱਚੋਂ ਸਨਿੱਚਰਵਾਰ ਨੂੰ ਸਿਰਫ 45 ਸਟੇਸ਼ਨਾਂ ਦੇ ਗੇਟ ਬੰਦ ਸਨ, ਜੋ ਹੁਣ ਖੋਲ੍ਹ ਦਿੱਤੇ ਗਏ ਹਨ | ਬੈਂਚ ਨੇ ਕੇਂਦਰ ਸਰਕਾਰ ਨੂੰ ਸੰਖੇਪ ਜਵਾਬ ਦਾਖਲ ਕਰਨ ਲਈ ਕਹਿ ਕੇ ਅਗਲੀ ਸੁਣਵਾਈ ਮੰਗਲਵਾਰ ਲਈ ਤੈਅ ਕੀਤੀ ਹੈ | ਇਹ ਸੁਣਵਾਈ ਸੀਨੀਅਰ ਵਕੀਲਾਂ ਵੱਲੋਂ 10 ਅਕਤੂਬਰ ਦੇ ਪ੍ਰਦਰਸ਼ਨਾਂ ਦੌਰਾਨ ਨਾਗਰਿਕਾਂ ਅਤੇ ਵਕੀਲਾਂ ‘ਤੇ ਪੁਲਸ ਵੱਲੋਂ ਕਥਿਤ ਵਧੀਕੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੋਈ | ਸੁਣਵਾਈ ਦੇ ਅੰਤ ‘ਤੇ ਜਸਟਿਸ ਮੋਹਨਾ ਨੇ ਕਿਹਾ ਕਿ ਜੇ ਧਿਰਾਂ ਲੋਕ ਹਿੱਤ ਚਾਹੁੰਦੀਆਂ ਹਨ ਤਾਂ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਅਤੇ ਲੋਕਾਂ ਨੂੰ ਨਾ ਭੜਕਾਉਣ | ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂਆਂ ਨੂੰ ਐਤਵਾਰ ਦਿੱਲੀ ਕੈਂਟ ਪੁਲਸ ਸਟੇਸ਼ਨ ਵਿਖੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ | ਰਿਹਾਈ ਤੋਂ ਬਾਅਦ ਪਾਰਟੀ ਆਗੂਆਂ ਨੇ ਸਾਫ ਕੀਤਾ ਕਿ ਜਦੋਂ ਤੱਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਹੁਦਾ ਨਹੀਂ ਛੱਡਦੇ, ਉਦੋਂ ਤੱਕ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਰਹਿਣਗੇ | ਸੀ ਜੇ ਪੀ ਦੇ ਕੌਮੀ ਸੰਗਠਨ ਇੰਚਾਰਜ ਅਜਿੰਕਿਆ ਸ਼ਿੰਦੇ ਨੇ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਮਰਜ਼ੀ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਵੇ, ਪਰ ਅੰਦੋਲਨ ਰੁਕੇਗਾ ਨਹੀਂ | ਆਸ਼ੂਤੋਸ਼ ਰੰਕਾ ਨੇ ਐਲਾਨ ਕੀਤਾ ਹੈ ਕਿ ਗਿਆਨੇਸ਼ ਕੁਮਾਰ ਖਿਲਾਫ ਉਨ੍ਹਾਂ ਦਾ ਸੰਘਰਸ਼ ਰੁਕੇਗਾ ਨਹੀਂ, ਸਗੋਂ ਇਹ ਲੜਾਈ ਤਾਂ ਅਜੇ ਸ਼ੁਰੂ ਹੋਈ ਹੈ |
ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਨੇ ਪੁਲਸ ‘ਤੇ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ, ਬਿਨਾਂ ਦਸਤਾਵੇਜ਼ਾਂ ਦੇ ਉਨ੍ਹਾਂ ਦੇ ਫੋਨ ਜ਼ਬਤ ਕਰਨ ਅਤੇ ਵਕੀਲਾਂ ਤੱਕ ਪਹੁੰਚ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਉਤਰਦੇ ਹੀ ਅਭਿਜੀਤ ਦੀਪਕੇ ਸਣੇ ਉਨ੍ਹਾਂ ਨੂੰ ਚੁੱਕ ਲਿਆ | ਸੀ ਜੇ ਪੀ ਦੀ ਕਾਨੂੰਨੀ ਟੀਮ ਦੇ ਮੁਖੀ ਰਤਨਾ ਸਿੰਘ ਨੂੰ ਵੀ ਦਿੱਲੀ ਤੋਂ ਹਿਰਾਸਤ ਵਿੱਚ ਲੈ ਲਿਆ | ਸਾਰਿਆਂ ਨੂੰ ਐਤਵਾਰ ਸਵੇਰੇ ਇਸ ਸ਼ਰਤ ‘ਤੇ ਰਿਹਾਅ ਕੀਤਾ ਗਿਆ ਕਿ ਉਹ ਇੱਕ ਸਾਲ ਤੱਕ ਸ਼ਾਂਤੀ ਦੀ ਉਲੰਘਣਾ ਨਹੀਂ ਕਰਨਗੇ | ਦਾਸ ਨੇ ਕਿਹਾ, ”ਅਸੀਂ ਮੋਦੀ ਅਤੇ ਸ਼ਾਹ ਤੋਂ ਪੁੱਛਣਾ ਚਾਹੁੰਦੇ ਹਾਂ, ਤੁਸੀਂ ਗਿਆਨੇਸ਼ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਕੀ ਉਹ 2024 ਦੀਆਂ ਚੋਣਾਂ ਬਾਰੇ ਕੁਝ ਜਾਣਦਾ ਹੈ?” ਉਨ੍ਹਾਂ ਕਿਹਾ ਕਿ ਸੀ ਜੇ ਪੀ ਨੇ ਸ਼ਾਂਤੀ ਭੰਗ ਨਹੀਂ ਕੀਤੀ ਅਤੇ ਪ੍ਰਧਾਨ ਮੰਤਰੀ, ਸ਼ਾਹ ਅਤੇ ਕੁਮਾਰ ਸ਼ਾਂਤੀ ਭੰਗ ਕਰਨ ਲਈ ਜ਼ਿੰਮੇਵਾਰ ਹਨ |
ਇਹ ਐਲਾਨ ਕਰਦੇ ਹੋਏ ਕਿ ਪਾਰਟੀ ਆਪਣਾ ਅੰਦੋਲਨ ਜਾਰੀ ਰੱਖੇਗੀ, ਉਨ੍ਹਾ ਕਿਹਾ, ”ਅਸੀਂ ਪਿੱਛੇ ਨਹੀਂ ਹਟਾਂਗੇ; ਸਾਰੇ ਨਾਗਰਿਕਾਂ ਨੂੰ ਸੜਕਾਂ ‘ਤੇ ਉਤਰਨ ਦੀ ਅਪੀਲ ਕਰਦੇ ਹਾਂ | ਪੂਰਾ ਦੇਸ਼ ਐਮਰਜੈਂਸੀ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ | ਪ੍ਰਦਰਸ਼ਨਕਾਰੀ ਸਿਰਫ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ | ਪਰ ਅੱਜ ਰਾਜ ਆਪਣੇ ਹੀ ਨਾਗਰਿਕਾਂ ਨਾਲ ਜੰਗ ਵਿੱਚ ਹੈ | ਮੋਦੀ ਅਤੇ ਸ਼ਾਹ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਇਸ ਨੂੰ ਯੁੱਧ ਵਿੱਚ ਬਦਲ ਦਿੱਤਾ |”
ਸੌਰਵ ਨੇ ਅੱਗੇ ਦੋਸ਼ ਲਗਾਇਆ ਕਿ ਅੰਦੋਲਨ ਨੂੰ ਕਵਰ ਕਰਨ ਵਾਲੇ ਸੁਤੰਤਰ ਪੱਤਰਕਾਰਾਂ ‘ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਤੋਂ ਨਾਂਅ ਦਾ ਟੈਗ ਲਗਾਉਣ ਦੀਆਂ ਮੰਗਾਂ ਵੀ ਸ਼ਾਮਲ ਹਨ | ਭਾਰਤ ਸਰਕਾਰ ਪੱਤਰਕਾਰੀ ਨਾਲ ਜੰਗ ਵਿੱਚ ਹੈ |