ਨਾਮਕਰਣ

0
3

ਆਂਧਰਾ ਪ੍ਰਦੇਸ਼ ਦੇ ਭੋਗਪੁਰਮ ਵਿਖੇ ਅਗਸਤ ਵਿੱਚ ਇੱਕ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਸਰਕਾਰਾਂ ਦੀ ‘ਇੱਕ ਪਰਵਾਰ’ ਦੇ ਜੀਆਂ ਦੇ ਨਾਂਅ ‘ਤੇ ਹਵਾਈ ਅੱਡਿਆਂ ਦੇ ਨਾਂਅ ਰੱਖਣ ਦੀ ਆਲੋਚਨਾ ਕੀਤੀ ਸੀ | ਆਪਣੀ ਸਰਕਾਰ ਤੇ ਪਿਛਲੀਆਂ ਸਰਕਾਰਾਂ ਵਿਚਾਲੇ ਫਰਕ ਦਰਸਾਉਂਦਿਆਂ ਉਨ੍ਹਾ ਅਯੁੱਧਿਆ ਅਤੇ ਜਲੰਧਰ ਦੇ ਹਵਾਈ ਅੱਡਿਆਂ ਦਾ ਹਵਾਲਾ ਦਿੱਤਾ ਸੀ, ਜਿਨ੍ਹਾਂ ਦਾ ਨਾਂਅ ਕ੍ਰਮਵਾਰ ਮਹਾਂਰਿਸ਼ੀ ਵਾਲਮੀਕਿ ਅਤੇ ਗੁਰੂ ਰਵਿਦਾਸ ਦੇ ਨਾਂਅ ‘ਤੇ ਰੱਖਿਆ ਗਿਆ ਸੀ | ਸ਼ਾਇਦ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੋਦੀ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ | ਇਸੇ ਕਰਕੇ ਉਨ੍ਹਾ ਦੀ ਕੈਬਨਿਟ ਨੇ ਯੂ ਪੀ ਨੂੰ ਕੌਮਾਂਤਰੀ ਹਵਾਈ ਅੱਡੇ ਦਾ ਤੋਹਫਾ ਦੇਣ ਦੇ ਸ਼ੁਕਰਾਨੇ ਵਜੋਂ ਜੇਵਰ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ‘ਨਰਿੰਦਰ ਮੋਦੀ ਇੰਟਰਨੈਸ਼ਨਲ ਏਅਰਪੋਰਟ ਨੋਇਡਾ-ਜੇਵਰ’ ਰੱਖਣ ਦਾ ਮਤਾ ਪਾਸ ਕਰ ਦਿੱਤਾ ਹੈ |
ਯੋਗੀ ਦੇ ਇਸ ਫੈਸਲੇ ਨੇ ਅਗਲੇ ਸਾਲ ਹੋਣ ਵਾਲੀਆਂ ਯੂ ਪੀ ਵਿਧਾਨ ਸਭਾ ਦੀਆਂ ਅਹਿਮ ਚੋਣਾਂ ਤੋਂ ਪਹਿਲਾਂ ਸਿਆਸੀ ਉਦੇਸ਼ਾਂ ਬਾਰੇ ਕਿਆਸ-ਅਰਾਈਆਂ ਨੂੰ ਹਵਾ ਦਿੱਤੀ ਹੈ | ਇੱਕ ਚਿੰਤਾ ਇਹ ਹੈ ਕਿ ਮੋਦੀ-ਅਮਿਤ ਸ਼ਾਹ ਦੀ ਜੋੜੀ ਯੋਗੀ ਨੂੰ ਲਗਾਤਾਰ ਤੀਜੀ ਵਾਰ ਜਿਤਾਉਣ ਵਿੱਚ ਬਹੁਤਾ ਟਿੱਲ ਨਹੀਂ ਲਾ ਸਕਦੀ | 2024 ਦੀਆਂ ਲੋਕ ਸਭਾ ਚੋਣਾਂ ਵਿੱਚ ਯੂ ਪੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਇੱਕ ਮੁੱਖ ਕਾਰਕ ਬਣਿਆ ਹੋਇਆ ਹੈ | ਪਾਰਟੀ ਨੇ ਰਾਜ ਦੀਆਂ 80 ਸੀਟਾਂ ਵਿੱਚੋਂ ਸਿਰਫ 33 ਸੀਟਾਂ ਜਿੱਤੀਆਂ, ਜਿਸ ਦੇ ਨਤੀਜੇ ਵਜੋਂ ਉਹ ਲਗਾਤਾਰ ਤੀਜੀ ਵਾਰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਕਰਨ ਵਿੱਚ ਨਾਕਾਮ ਰਹੀ ਅਤੇ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੀ ਫੌਹੜੀਆਂ ਦੇ ਸਹਾਰੇ ਹੀ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਸਕੇ | ਵਾਰਾਨਸੀ ਵਿੱਚ ਮੋਦੀ ਦੀ ਜਿੱਤ ਦਾ ਫਰਕ ਵੀ 2019 ਦੇ ਮੁਕਾਬਲੇ ਤੇਜ਼ੀ ਨਾਲ ਘਟ ਗਿਆ | ਅਫਵਾਹਾਂ ਸੁਝਾਉਂਦੀਆਂ ਹਨ ਕਿ ਯੋਗੀ ਨੂੰ ਉਮੀਦ ਹੈ ਕਿ ਹਵਾਈ ਅੱਡੇ ਦੀ ਚਾਲ ਉਨ੍ਹਾ ਦੇ ਰਾਜ ਵਿੱਚ ਪਾਰਟੀ ਦੀ 2024 ਦੀ ਹਾਰ ਦੀ ਯਾਦ ਨੂੰ ਮਿਟਾਉਣ ਵਿੱਚ ਮਦਦ ਕਰੇਗੀ |
ਤਾਂ ਵੀ, ਜਿਊਾਦੇ ਜੀ ਕਿਸੇ ਪ੍ਰਧਾਨ ਮੰਤਰੀ ਦੇ ਨਾਂਅ ‘ਤੇ ਹਵਾਈ ਅੱਡੇ ਦਾ ਨਾਂਅ ਰੱਖਣਾ ਆਮ ਲੋਕਾਂ ਨੂੰ ਚੰਗਾ ਨਹੀਂ ਲੱਗਾ | ਕਈ ਐੱਕਸ ਵਰਤੋਂਕਾਰਾਂ ਨੇ ਇਸ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ | ਇੱਕ ਨੇ ਲਿਖਿਆ ਹੈ : ਕੀ ਇਸ ਨਾਲ ਐੱਸ ਆਈ ਆਰ ਦਾ ਮਸਲਾ ਹੱਲ ਹੋ ਜਾਵੇਗਾ, ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਰੁਕ ਜਾਵੇਗੀ, ਅਮਰੀਕਾ ਤੇ ਚੀਨ ਨਾਲ ਵਪਾਰਕ ਜੰਗ ਖਤਮ ਹੋ ਜਾਵੇਗੀ, ਚੀਨ ਨਾਲ ਸਰਹੱਦੀ ਝਗੜਾ ਹੱਲ ਹੋ ਜਾਵੇਗਾ, ਬੇਰੁਜ਼ਗਾਰੀ ਦੀ ਸਮੱਸਿਆ ਦੂਰ ਹੋ ਜਾਵੇਗੀ, ਮਹਿੰਗਾਈ ਵਧਣੋਂ ਰੁਕ ਜਾਵੇਗੀ, ਮਕਾਨਾਂ ਦੀਆਂ ਕੀਮਤਾਂ ਘਟ ਜਾਣਗੀਆਂ ਅਤੇ ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਵਿੱਚ ਜਵਾਬਦੇਹੀ ਦੀ ਘਾਟ ਦੂਰ ਹੋ ਜਾਵੇਗੀ? ਇੱਕ ਹੋਰ ਨੇ ਲਿਖਿਆ ਹੈ : ਸ਼ਾਇਦ ਮੋਦੀ ਨੂੰ ਆਪਣੀ ਪਾਰਟੀ ਦੇ ਵਰਕਰਾਂ ‘ਤੇ ਯਕੀਨ ਨਹੀਂ ਕਿ ਉਹ ਉਨ੍ਹਾ ਨੂੰ ਯਾਦ ਰੱਖਣਗੇ |