ਨਵੀਂ ਦਿੱਲੀ : ਦਿੱਲੀ ਪੁਲਸ ਦੇ ਜਵਾਨਾਂ ਨੇ ਐਤਵਾਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਮੁਖੀ ਨੇਹਾ ਬੋਰਾ ਦੀ ਹਮਸ਼ਕਲ ਨੂੰ ਹਿਰਾਸਤ ਵਿੱਚ ਲੈ ਲਿਆ | ਬੋਰਾ ਵਰਗੀ ਬੀਬੀ ਆਰ ਕੇ ਆਸ਼ਰਮ ਮਾਰਗ ‘ਤੇ ਆਈ ਤਾਂ ਜਵਾਨਾਂ ਨੇ ਉਸ ਨੂੰ ਵਿਦਿਆਰਥੀ ਨੇਤਾ ਸਮਝ ਲਿਆ | ਹਫੜਾ-ਦਫੜੀ ਦੇ ਵਿਚਕਾਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ | ਅਸਲੀ ਬੋਰਾ ਕਨਾਟ ਪਲੇਸ ਵਿੱਚ ਪ੍ਰਦਰਸ਼ਨ ਕਰ ਰਹੀ ਸੀ | ਬਾਅਦ ਵਿੱਚ ਨੇਹਾ ਨੇ ਆਪਣੀ ਹਮਸ਼ਕਲ ਨਾਲ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਲਝਣ ਨੂੰ ਇੱਕ ਮਜ਼ਾਕੀਆ ਕੈਪਸ਼ਨ ਦੇ ਨਾਲ ਖਤਮ ਕੀਤਾ : ਦੋ ਨੇਹਾਵਾਂ ਦੀ ਕਹਾਣੀ | ਰਣਨੀਤੀ ਨਹੀਂ, ਸਿਰਫ ਸੰਯੋਗ ਹੈ | ਸੋਸ਼ਲ ਮੀਡੀਆ ਦੇ ਇੱਕ ਯੂਜ਼ਰ ਨੇ ਲਿਖਿਆ : ਹਜ਼ਾਰਾਂ ਪੁਲਸ ਵਾਲੇ | ਸੈਂਕੜੇ ਨਿਗਰਾਨੀ ਸੰਦ | ਲੱਖਾਂ ਸਰੋਤ ਅਤੇ ਫਿਰ ਵੀ ਨੇਹਾ ਬੋਰਾ ਦੇ ਡੋਪਲਗੈਂਜਰ ਦੁਆਰਾ ਪੂਰੀ ਦਿੱਲੀ ਪੁਲਸ ਨੂੰ ਮੂਰਖ ਬਣਾਇਆ ਗਿਆ | ਇੱਕ ਹੋਰ ਯੂਜ਼ਰ ਨੇ ਲਿਖਿਆ : ਨਕਲੀ ਨੇਹਾ ਬੋਰਾ ਨੇ ਦਿੱਲੀ ਪੁਲਸ ਨੂੰ ਝਕਾਇਆ ਅਤੇ ਫਿਰ ਅਸਲੀ ਪੁਲਸ ਆਉਂਦੀ ਹੈ | ਇਹ ਜਨੂੰਨ ਪਾਗਲਪਨ ਹੈ |
0001 ਦੀ ਬੋਲੀ 21.31 ਲੱਖ ‘ਤੇ ਟੁੱਟੀ
ਚੰਡੀਗੜ੍ਹ : ਸੋਮਵਾਰ ਇੱਥੇ ਹੋਈ ਵੀ ਆਈ ਪੀ ਨੰਬਰਾਂ ਦੀ ਨਿਲਾਮੀ ਦੌਰਾਨ ਸੀਐਚ01 ਡੀਜੀ 0001 ਨੰਬਰ 21.31 ਲੱਖ ਰੁਪਏ ਵਿੱਚ ਜਦੋਂ ਕਿ 0007 ਨੰਬਰ 11.71 ਲੱਖ ਰੁਪਏ ਵਿੱਚ ਨਿਲਾਮ ਹੋਇਆ | ਇਸ ਨਿਲਾਮੀ ਦੌਰਾਨ ਯੂ ਟੀ ਪ੍ਰਸ਼ਾਸਨ ਨੇ ਕੁੱਲ 2.97 ਕਰੋੜ ਰੁਪਏ ਦੀ ਕਮਾਈ ਕੀਤੀ ਹੈ | 10 ਤੋਂ 12 ਅਕਤੂਬਰ ਤੱਕ ਨਵੀਂ ਸੀਰੀਜ਼ ਸੀਐੱਚ-01-ਡੀਜੀ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ | 527 ਨੰਬਰ ਨਿਲਾਮ ਕੀਤੇ ਗਏ | ਪਿਛਲੀ ਵਾਰ ਸੀਐਚ01 ਡੀਐੱਫ ਸੀਰੀਜ਼ ਦਾ 0001 ਨੰਬਰ 27.23 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ |


