ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਕ ਪਹਿਨੀ ਮੁਟਿਆਰਾਂ ਦੇ ਇੱਕ ਗਰੁੱਪ ਨੇ ਮੰਗਲਵਾਰ ਦੀ ਰਾਤ ਚੇਨੱਈ ਦੇ ਕਾਠੀਪਾਰਾ ਇਲਾਕੇ ਵਿੱਚ ਇੱਕ ਖਾਮੋਸ਼ ਪੋ੍ਰਟੈੱਸਟ ਕੀਤਾ | ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਤਖਤੀਆਂ ਫੜੀ ਵਿਅਸਤ ਫੂਡ ਕੋਰਟ ਵਿੱਚੋਂ ਲੰਘੀਆਂ | ਉਨ੍ਹਾਂ ਨੇ ਦਿੱਲੀ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਲੋਕਾਂ ‘ਤੇ ਪੁਲਸ ਕਾਰਵਾਈ ਦੀ ਨਿੰਦਾ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਰਾਜ ਸ਼ਕਤੀ ਦੀ ਵਰਤੋਂ ਇੱਕ ਅਣਐਲਾਨੀ ਐਮਰਜੈਂਸੀ ਦੇ ਬਰਾਬਰ ਹੈ | ਸੱਭਿਆਚਾਰਕ ਅਤੇ ਸਿਆਸੀ ਕਾਰਕੰੁਨ ਰਾਧਿਕਾ ਗਣੇਸ਼ ਨੇ ਕਿਹਾ, ”ਇਹ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸੀ | ਅਸੀਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਸਰਕਾਰ ਦੀ ਬੇਰਹਿਮੀ ‘ਤੇ ਸਵਾਲ ਉਠਾਏ, ਜੋ ਕਿ ਸਾਡਾ ਮੰਨਣਾ ਹੈ ਕਿ ਗੈਰ-ਵਾਜਬ ਹੈ | ਪਿਛਲੇ ਹਫਤੇ ਬਸੰਤ ਨਗਰ ਵਿਖੇ ਵੀ ਅਜਿਹਾ ਪ੍ਰਦਰਸ਼ਨ ਕੀਤਾ ਸੀ | ਅਸੀਂ ਜਨਤਕ ਥਾਵਾਂ ‘ਤੇ ਛੋਟੇ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ | ਸਾਡਾ ਉਦੇਸ਼ ਵੱਡੀਆਂ ਰੈਲੀਆਂ ਜਾਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਉੱਤੇ ਨਿਰਭਰ ਕਰਨ ਦੀ ਬਜਾਏ ਰੋਜ਼ਾਨਾ ਦੀ ਜਨਤਕ ਗੱਲਬਾਤ ਵਿੱਚ ਮੁੱਦੇ ਨੂੰ ਲਿਆਉਣਾ ਹੈ |”
ਹਾਲਾਂਕਿ ਵੋਟ ਚੋਰੀ ਖਿਲਾਫ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ, ਚੇਨੱਈ ਦੇ ਲੋਕਾਂ ਦਾ ਪ੍ਰਦਰਸ਼ਨ ਕਰਨ ਦਾ ਇਹ ਢੰਗ ਨਿਵੇਕਲਾ ਹੈ | ਵੱਡੀਆਂ ਰੈਲੀਆਂ ਕਰਨ ਲਈ ਕਾਫੀ ਤਿਆਰੀ ਕਰਨੀ ਪੈਂਦੀ ਹੈ | ਸ਼ਹਿਰਾਂ ਦੇ ਵਿਅਸਤ ਇਲਾਕਿਆਂ ‘ਚ ਅਜਿਹੇ ਖਾਮੋਸ਼ ਪ੍ਰਦਰਸ਼ਨ ਉਦੇਸ਼ ਪ੍ਰਾਪਤੀ ਵਿੱਚ ਕਾਫੀ ਸਹਾਈ ਹੋ ਸਕਦੇ ਹਨ | ਇਨ੍ਹਾਂ ਪ੍ਰਦਰਸ਼ਨਾਂ ਨਾਲ ਲੋਕਾਂ ਨੂੰ ਜਾਗਰਤ ਕਰਨ ਵਿੱਚ ਕਾਫੀ ਮਦਦ ਮਿਲ ਸਕਦੀ ਹੈ | ਇਹ ਲੋਕਾਂ ਦੀ ਆਮ ਜ਼ਿੰਦਗੀ ਵਿੱਚ ਖਲਲ ਵੀ ਨਹੀਂ ਪਾਉਣਗੇ | ਪ੍ਰਦਰਸ਼ਨਕਾਰੀਆਂ ਦੀ ਗੱਲ ਵੀ ਲੋਕਾਂ ਤੱਕ ਪਹੁੰਚ ਜਾਵੇਗੀ |
ਇੰਡੀਆ ਗੱਠਜੋੜ ਨੇ ਵੀ ਸਿਵਲ ਸੁਸਾਇਟੀ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਕੀਤਾ ਹੈ | ਸਿਵਲ ਸੁਸਾਇਟੀ ਦੇ ਵੱਖ-ਵੱਖ ਛੋਟੇ-ਛੋਟੇ ਗਰੁੱਪ ਪਾਰਕਾਂ ਤੇ ਮਾਲਾਂ ਆਦਿ ਵਿਚ ਅਜਿਹੇ ਖਾਮੋੋਸ਼ ਪ੍ਰਦਰਸ਼ਨ ਕਰਕੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਤਕੜਾ ਮਾਹੌਲ ਬਣਾ ਸਕਦੇ ਹਨ, ਜਿਹੜਾ ਕਿ ਵੱਡੀ ਲਹਿਰ ਖੜ੍ਹੀ ਕਰਨ ਵਿੱਚ ਸਹਾਈ ਹੋ ਸਕਦਾ ਹੈ |




