ਨੈੱਟਵਰਕ ਭੰਨਣਾ ਪੈਣਾ

0
3

ਨਸ਼ਿਆਂ ਖਿਲਾਫ ਸੰਘਰਸ਼ਸ਼ੀਲ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਦੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਦੀ ਜਾਂਚ ਸਿਰਫ ਆਮ ਕਤਲ ਕੇਸ ਦੀ ਜਾਂਚ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਨਸ਼ਾ ਤਸਕਰਾਂ, ਅਧਿਕਾਰੀਆਂ ਤੇ ਸਿਆਸੀ ਅਨਸਰਾਂ ਦੀ ਮਿਲੀਭੁਗਤ ਨੂੰ ਵੀ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ | ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਬੁੱਧਵਾਰ ਲੋਕਾਂ ਦੇ ਰੋਹ-ਭਰੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੰਨੀ ਸਿਤਮਜ਼ਰੀਫੀ ਹੈ ਕਿ ਜਿਹੜਾ ਵਿਅਕਤੀ ਨਸ਼ਿਆਂ ਖਿਲਾਫ ਆਵਾਜ਼ ਉਠਾਉਂਦਾ ਹੈ, ਉਸ ਦਾ ਹੌਸਲਾ ਵਧਾਉਣ ਦੀ ਥਾਂ ਉਸ ਨੂੰ ਚੁੱਪ ਕਰਾਉਣ ਦੀ ਹੀ ਕੋਸ਼ਿਸ਼ ਕੀਤੀ ਜਾਂਦੀ ਹੈ | ਝੋਟਾ ਕਾਫੀ ਸਮੇਂ ਤੋਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਿਹਾ ਸੀ | ਨਸ਼ੇ ਦੇ ਕਾਰੋਬਾਰ ਵਿੱਚ ਧਨ ਕਮਾਉਣ ਵਾਲੇ ਅਧਿਕਾਰੀਆਂ, ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ | ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਾਬ ਦੇ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਤੇ ਕੌਮੀ ਸਕੱਤਰ ਬੰਤ ਸਿੰਘ ਬਰਾੜ ਨੇ ਵੀ ਇਹ ਗੱਲ ਉਭਾਰੀ ਹੈ ਕਿ ਜਦੋਂ ਲੋਕ ਨਸ਼ਿਆਂ ਬਾਰੇ ਸਵਾਲ ਕਰਦੇ ਹਨ ਤਾਂ ਉਸ ਨੂੰ ਸੰਜੀਦਗੀ ਨਾਲ ਲੈ ਕੇ ਸਾਰਥਕ ਕਦਮ ਚੁੱਕਣ ਦੀ ਥਾਂ ਉਲਟਾ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ |
ਮੌਕੇ ਦੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਾਦਲ ਤੇ ਕੈਪਟਨ ਦੀਆਂ ਸਰਕਾਰਾਂ ਨੇ ਵੀ ਸਿਰਫ ਪ੍ਰਸ਼ਾਸਨਿਕ ਕਦਮਾਂ ਨਾਲ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਯਤਨ ਕੀਤੇ ਸਨ, ਪਰ ਸਫਲ ਨਹੀਂ ਰਹੀਆਂ | ਇਤਿਹਾਸ ਗਵਾਹ ਹੈ ਕਿ ਦਹਿਸ਼ਤਗਰਦੀ ਸਿਰਫ ਪ੍ਰਸ਼ਾਸਨਿਕ ਕਦਮਾਂ ਨਾਲ ਨਹੀਂ, ਸਗੋਂ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤੀ ਗਈ ਸੀ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੀ ਨਸ਼ਾ-ਦਹਿਸ਼ਤਗਰਦੀ ਖਿਲਾਫ ਯੁੱਧ ਨੂੰ ਲੋਕਾਂ ਦਾ ਯੱੁਧ ਬਣਾਏ | ਸਾਰੀਆਂ ਪਾਰਟੀਆਂ ਤੇ ਨਸ਼ਿਆਂ ਖਿਲਾਫ ਸੰਘਰਸ਼ਸ਼ੀਲ ਝੋਟੇ ਵਰਗੇ ਲੋਕਾਂ ਨੂੰ ਨਾਲ ਲਵੇ, ਤਾਂ ਹੀ ਉਸ ਦਾ ‘ਯੁੱਧ ਨਸ਼ਿਆਂ ਵਿਰੁੱਧ’ ਚੰਗੇ ਨਤੀਜੇ ਕੱਢ ਸਕਦਾ ਹੈ | ਨਸ਼ਾ ਤਸਕਰਾਂ-ਸਿਆਸਤਦਾਨਾਂ-ਅਧਿਕਾਰੀਆਂ ਦਾ ਨੈੱਟਵਰਕ ਸਿਰਫ ਪ੍ਰਸ਼ਾਸਨਿਕ ਕਾਰਵਾਈਆਂ ਨਾਲ ਤੋੜਨਾ ਅਸੰਭਵ ਹੈ |