ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਚਾਰ ਸੀਨੀਅਰ ਅਧਿਕਾਰੀਆਂ ਵਿਰੁੱਧ ‘ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ’ 2002 ਦੀ ਧਾਰਾ 62 ਤਹਿਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ | ਉਨ੍ਹਾ ਦੋਸ਼ ਲਾਇਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਸੈਕਟਰ 39-ਏ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਗੈਰ-ਕਾਨੂੰਨੀ ਢੰਗ ਨਾਲ ਤਲਾਸ਼ੀ ਲਈ ਸੀ | ਜ਼ਿਲ੍ਹਾ ਅਦਾਲਤ ਵਿੱਚ ਵਕੀਲ ਗਿੰਨੀਜੀਤ ਮਲਹੋਤਰਾ ਰਾਹੀਂ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 17 ਅਪ੍ਰੈਲ, 2025 ਦੇ ਇੱਕ ਹੁਕਮ ਰਾਹੀਂ ਉਨ੍ਹਾਂ ਨੂੰ ਮਕਾਨ ਨੰਬਰ 926 ਅਲਾਟ ਕੀਤਾ ਸੀ | ਉਨ੍ਹਾ ਦੋਸ਼ ਲਾਇਆ ਕਿ ਈ ਡੀ ਨੇ 23 ਸਤੰਬਰ 2026 ਨੂੰ ਇੱਕ ਅਧਿਕਾਰ ਪੱਤਰ ਜਾਰੀ ਕਰਕੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ | ਉਨ੍ਹਾਂ ਦਾਅਵਾ ਕੀਤਾ ਕਿ ਜ਼ਬਤੀ ਮੀਮੋ ਵਿੱਚ ਗਲਤ ਢੰਗ ਨਾਲ ਇਹ ਦਰਸਾਇਆ ਗਿਆ ਸੀ ਕਿ ਇਹ ਜਾਇਦਾਦ ਅਮਰਿੰਦਰ ਸਿੰਘ ਮੱਲ੍ਹੀ ਦੀ ਹੈ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਜ਼ਬਰਦਸਤੀ ਤਾਲਾ ਤੋੜ ਦਿੱਤਾ | ਉਨ੍ਹਾ ਦੋਸ਼ ਲਾਇਆ ਕਿ ਤਲਾਸ਼ੀ ਲੈਣ ਸਬੰਧੀ ਕੋਈ ਅਧਿਕਾਰ ਪੱਤਰ, ਇਸ ਦੇ ਕਾਰਨ ਜਾਂ ਘਰ ਨੂੰ ਸੀਲ ਕਰਨ ਜਾਂ ਫਰੀਜ਼ ਕਰਨ ਨਾਲ ਸੰਬੰਧਤ ਕੋਈ ਦਸਤਾਵੇਜ਼ ਉਨ੍ਹਾਂ ਨੂੰ ਨਹੀਂ ਦਿੱਤੇ ਗਏ | ਆਹਲੂਵਾਲੀਆ ਨੇ ਤਲਾਸ਼ੀ ਦੇ ਰਿਕਾਰਡ, ਅਧਿਕਾਰ ਪੱਤਰ ਅਤੇ ਆਡੀਓ-ਵੀਡੀਓ ਰਿਕਾਰਡਿੰਗਾਂ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਉਨ੍ਹਾ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |





