ਟਰੰਪ ਵੱਲੋਂ ਰੂਸੀ ਤੇਲ ਤੇ ਗੈਸ ਦੀ ਖਰੀਦ ‘ਤੇ ਪਾਬੰਦੀਆਂ ਤੇ ਟੈਰਿਫ ਰੱਦ

0
4

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ‘ਕੌਮੀ ਹਿੱਤਾਂ’ ਦਾ ਹਵਾਲਾ ਦਿੰਦੇ ਹੋਏ ‘ਸੈਂਕਸ਼ਨਿੰਗ ਰੂਸ ਅਤੇ ਈਰਾਨ ਐਕਟ’ (ਗ੍ਰਾਹਮ ਐਕਟ) ਤਹਿਤ ਰੂਸੀ ਤੇਲ ਅਤੇ ਗੈਸ ਦੀ ਖਰੀਦ ‘ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ, ਬੰਦਿਸ਼ਾਂ ਅਤੇ ਟੈਰਿਫਾਂ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ | ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਜਿਹੀਆਂ ਪਾਬੰਦੀਆਂ ਨੂੰ ਰੋਕਣਾ ਅਮਰੀਕਾ ਦੇ ਹਿੱਤ ਵਿੱਚ ਹੈ | ਟਰੰਪ ਨੇ ਦੱਸਿਆ ਕਿ ਉਨ੍ਹਾ ਅਮਰੀਕੀ ਕਾਂਗਰਸ ਨੂੰ ਇਸ ਸੰਬੰਧੀ ਇੱਕ ਸਰਟੀਫਿਕੇਟ ਸੌਂਪਿਆ ਹੈ | ਲਿੰਡਸੇ ਓ ਗ੍ਰਾਹਮ ਐਕਟ ਅਮਰੀਕੀ ਕਾਂਗਰਸ ਵੱਲੋਂ 16 ਸਤੰਬਰ ਨੂੰ ਪਾਸ ਕੀਤਾ ਗਿਆ ਸੀ ਅਤੇ ਟਰੰਪ ਨੇ 18 ਸਤੰਬਰ ਨੂੰ ਇਸ ‘ਤੇ ਦਸਤਖ਼ਤ ਕੀਤੇ ਸਨ | ਇਸ ਕਾਨੂੰਨ ਦੇ ਲਾਗੂ ਹੋਣ ਦੇ 30 ਦਿਨਾਂ ਦੇ ਅੰਦਰ ਰੂਸ ਤੋਂ ਕੱਚਾ ਤੇਲ ਜਾਂ ਗੈਸ ਖਰੀਦਣ ਵਾਲੇ ਭਾਰਤ ਅਤੇ ਚੀਨ ਸਮੇਤ ਦੁਨੀਆ ਦੇ 5 ਸਭ ਤੋਂ ਵੱਡੇ ਦਰਾਮਦਕਾਰ ਮੁਲਕਾਂ ਤੋਂ ਅਮਰੀਕਾ ਆਉਣ ਵਾਲੀਆਂ ਵਸਤੂਆਂ ‘ਤੇ 100 ਫੀਸਦੀ ਤੱਕ ਭਾਰੀ ਟੈਰਿਫ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਸੀ | ਕਾਨੂੰਨ ਤਹਿਤ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਜੇਕਰ ਕੋਈ ਕਦਮ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਹੋਵੇ, ਤਾਂ ਉਹ ਇਨ੍ਹਾਂ ਪਾਬੰਦੀਆਂ ਤੋਂ ਛੋਟ ਦੇ ਸਕਦੇ ਹਨ |
ਇਹ ਫੈਸਲਾ ਅਮਰੀਕਾ ਵੱਲੋਂ ਰੂਸ ਨਾਲ ਡੀਜ਼ਲ ਦੀ ਸਪਲਾਈ ਲਈ ਕੀਤੇ ਗਏ ਸਮਝੌਤੇ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ | ਇਸ ਤੋਂ ਪਹਿਲਾਂ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਮਾਗਮ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨਾਲ ਇਸ ਮੁੱਦੇ ‘ਤੇ ਗੰਭੀਰ ਚਰਚਾ ਕੀਤੀ ਸੀ | ਜੈਸ਼ੰਕਰ ਨੇ ਸਪੱਸ਼ਟ ਕੀਤਾ ਸੀ ਕਿ ਭਾਰਤੀ ਤੇਲ ਰਿਫਾਇਨਰੀਆਂ ਖਾਸ ਤੌਰ ‘ਤੇ ਮੱਧ ਪੂਰਬ ਅਤੇ ਰੂਸ ਤੋਂ ਆਉਣ ਵਾਲੇ ਕੱਚੇ ਤੇਲ ਲਈ ਬਣੀਆਂ ਹਨ | ਮੱਧ ਪੂਰਬ ਵਿੱਚ ਈਰਾਨ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਤ ਹੋਣ ਕਰਕੇ ਅਮਰੀਕਾ ਦਾ ਇਹ ਫੈਸਲਾ ਭਾਰਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ |