ਮਨਰੇਗਾ ਮਜ਼ਦੂਰਾਂ ਨੂੰ ਕਾਰ ਨੇ ਦਰੜਿਆ, 9 ਮੌਤਾਂ

0
8

ਲਹਿਰਾਗਾਗਾ (ਨਵਾਂ ਜ਼ਮਾਨਾ ਸਰਵਿਸ)
ਜਾਖਲ ਮੁੱਖ ਮਾਰਗ ‘ਤੇ ਪਿੰਡ ਅਲੀਸ਼ੇਰ ਨੇੜੇ ਐਤਵਾਰ ਵਾਪਰੇ ਹਾਦਸੇ ਵਿੱਚ ਮਨਰੇਗਾ ਤਹਿਤ ਕੰਮ ਕਰਦੇ 9 ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ | ਕੰਮ ਕਰਦੇ ਮਜ਼ਦੂਰਾਂ ਉਪਰ ਬੇਕਾਬੂ ਹੋਈ ਕਾਰ ਚੜ੍ਹ ਗਈ | ਘਟਨਾ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੁੱਖ ਮਾਰਗ ‘ਤੇ ਧਰਨਾ ਲਾ ਦਿੱਤਾ | ਇਹ ਹਾਦਸਾ ਸ਼ਾਮ ਪੰਜ ਵਜੇ ਤੋਂ ਕੁਝ ਸਮਾਂ ਪਹਿਲਾਂ ਹੋਇਆ | 5 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ 4 ਬਾਅਦ ਵਿਚ ਦਮ ਤੋੜ ਗਏ | ਚਾਰ ਹੋਰ ਔਰਤਾਂ ਗੰਭੀਰ ਜ਼ਖ਼ਮੀ ਦੱਸੀਆਂ ਜਾ ਰਹੀਆਂ ਹਨ | ਸ਼ੈਵਰਲੇ ਓਪਟਰਾ ਮੈਗਨਮ ਦੇ ਡਰਾਈਵਰ ਦੀ ਪਛਾਣ ਪ੍ਰਗਟ ਸਿੰਘ ਕਾਲਾ ਵਜੋਂ ਹੋਈ ਹੈ, ਜੋ ਕਿ ਰਾਏਧਰਾਨਾ ਪਿੰਡ ਦਾ ਰਹਿਣ ਵਾਲਾ ਹੈ | ਮਿ੍ਤਕਾਂ ਵਿੱਚ ਛੇ ਔਰਤਾਂ, ਕਰਮਜੀਤ ਕੌਰ, ਨਿੱਕੀ, ਸਰਬਜੀਤ ਕੌਰ, ਰਣਜੀਤ ਕੌਰ, ਕਰਮਜੀਤ ਤੇ ਰਾਣੀ ਕੌਰ ਅਤੇ ਦੋ ਮਰਦ ਜੀਵਨ ਸਿੰਘ ਅਤੇ ਦੇਸ ਰਾਜ ਸ਼ਾਮਲ ਹਨ | ਮਿ੍ਤਕਾਂ ਵਿੱਚੋਂ ਸੱਤ ਅਲੀਸ਼ੇਰ ਪਿੰਡ ਦੇ ਦੱਸੇ ਗਏ ਹਨ | ਹਰਵਿੰਦਰ ਸਿੰਘ, ਜੋ ਕਿ ਨੇੜਲੀ ਫੈਕਟਰੀ ਵਿੱਚ ਕੰਮ ਕਰਦਾ ਹੈ, ਮਦਦ ਲਈ ਪਹੁੰਚਣ ਵਾਲੇ ਪਹਿਲੇ ਲੋਕਾਂ ਵਿੱਚ ਸੀ | ਉਸਨੇ ਕਿਹਾ ਕਿ ਪੁਲਸ ਅਧਿਕਾਰੀਆਂ ਵੱਲੋਂ ਬੁਲਾਉਣ ਦੇ ਬਾਵਜੂਦ, ਐਂਬੂਲੈਂਸ ਨੂੰ ਮੌਕੇ ‘ਤੇ ਪਹੁੰਚਣ ਵਿੱਚ ਲਗਪਗ ਇੱਕ ਘੰਟਾ ਲੱਗਿਆ | ਇੱਕ ਹੋਰ ਚਸ਼ਮਦੀਦ ਨੇ ਕਿਹਾ ਕਿ ਪੀੜਤ ਸੜਕ ਕਿਨਾਰੇ ਤੜਫਦੇ ਪਏ ਸਨ ਜਦੋਂ ਕਿ ਅਧਿਕਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ‘ਤੇ ਜ਼ੋਰ ਦੇ ਰਹੇ ਸਨ | ਉਹ ਐਂਬੂਲੈਂਸ ਦੀ ਉਡੀਕ ਵਿੱਚ ਮਰ ਗਏ; ਉਨ੍ਹਾਂ ਵਿੱਚੋਂ ਬਹੁਤਿਆਂ ਦੀ ਮੌਤ ਖੂਨ ਵਹਿਣ ਕਾਰਨ ਹੋਈ |