ਜਲੰਧਰ (ਕੇਸਰ)-30 ਅਕਤੂਬਰ 2 ਵਜੇ ਸ਼ਮ੍ਹਾ ਰੌਸ਼ਨ ਕਰਕੇ ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਅਤੇ ਵਿਛੜੇ ਸਾਥੀਆਂ ਨੂੰ ‘ਉਹਨਾਂ ਮਿੱਤਰਾਂ ਦੀ ਯਾਦ ਪਿਆਰੀ…’ ਬੋਲਾਂ ਨਾਲ ਸਿਜਦਾ ਕਰਦੇ ਹੋਏ ਪਹਿਲੀ ਨਵੰਬਰ ਸਾਰਾ ਦਿਨ, ਸਾਰੀ ਰਾਤ ਚੱਲਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਮੁਲਕ ਦੇ ਭਖ਼ਦੇ ਸੁਆਲਾਂ ਨੂੰ ਵਿਚਾਰ-ਚਰਚਾ ਅਤੇ ਕਲਾ ਕਿਰਤਾਂ ਦੇ ਮਾਧਿਅਮ ਰਾਹੀਂ ਮੁਖ਼ਾਤਬ ਹੋਏਗਾ | ਐਤਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਮੇਲੇ ‘ਚ ਪੇਸ਼ ਕਲਾ ਕਿਰਤਾਂ ਅਤੇ ਪ੍ਰਬੰਧਾਂ ਨਾਲ ਜੁੜੀਆਂ ਕਮੇਟੀਆਂ ਦੇ ਕਨਵੀਨਰਾਂ ਦੀ ਮੀਟਿੰਗ ‘ਚ ਕੁਝ ਅਹਿਮ ਫੈਸਲਿਆਂ ਨੂੰ ਅੰਤਮ ਛੋਹਾਂ ਦਿੰਦੇ ਹੋਏ ਫੈਸਲਾ ਕੀਤਾ ਗਿਆ ਕਿ 31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ, ਤਰਕਸ਼ੀਲ ਕਲਾ ਵੰਨਗੀਆਂ ਤੋਂ ਇਲਾਵਾ ਪ੍ਰੋਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਹੋਣਗੇ | ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਦਰਸ਼ਨ ਖਟਕੜ ਵੱਲੋਂ ਝੰਡਾ ਲਹਿਰਾਉਣ ਅਤੇ ਸੰਬੋਧਨ ਕਰਨ ਉਪਰੰਤ ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਸੰਗੀਤ ਨਾਟ ਓਪਰਾ : ਝੰਡੇ ਦਾ ਗੀਤ ‘ਸਮੇਂ ਦੇ ਹਾਣੀ’ ਹੋਏਗਾ | ਇਸ ਉਪਰੰਤ ਬੱਬਰ ਅਕਾਲੀ ਲਹਿਰ ਦਾ ਪ੍ਰਸੰਗ : ਹੱਲੇ ਦਾ ਦੀਵਾਨ ਪੇਸ਼ ਕਰਨਗੇ ਭੈਣੀ ਸਾਹਿਬ ਤੋਂ ਜਥੇਦਾਰ ਗੁਰਲਾਲ ਸਿੰਘ ਅਤੇ ਸਾਥੀ | ਸੰਗੀਤ ਦਾ ਰੰਗ ਭਰਨਗੇ ਮੰਚ ਰੰਗ ਮੰਚ ਅੰਮਿ੍ਤਸਰ ਨਾਲ ਜੁੜੇ ਗਾਇਕ ਕਲਾਕਾਰ ਕੁਸ਼ਾਗਰ ਕਾਲੀਆ | ਚੰਡੀਗੜ੍ਹ ਸਕੂਲ ਆਫ਼ ਡਰਾਮਾ (ਏਕਤਰ) ਨਾਟਕ ਖੇਡਣਗੇ | ਪਹਿਲੀ ਨਵੰਬਰ ਮੇਲੇ ‘ਚ ਡਾ. ਨਵਸ਼ਰਨ ਮੁਲਕ ਨੂੰ ਦਰਪੇਸ਼ ਤਿੱਖੀਆਂ ਵੰਗਾਰਾਂ ਬਾਰੇ ਮੁੱਖ ਭਾਸ਼ਣ ਦੇਣਗੇ | ਪਹਿਲੀ ਨਵੰਬਰ ਦੀ ਸ਼ਾਮ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀ ਭੰਡਾਂ ਦੀ ਕਲਾ ਕਿਰਤ ਨਾਲ ਵਿਅੰਗ ਕੱਸਣਗੇ | ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਸਾਰ੍ਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਗੁਰਮੁਖ ਸਿੰਘ ਫਗਵਾੜਾ, ਜੋਗਿੰਦਰਪਾਲ ਖਟਕੜ ਕਲਾਂ, ਅੰਮਿ੍ਤਪਾਲ ਬੰਗੇ, ਅਜਮੇਰ ਅਕਲੀਆ, ਹਰਦੀਪ ਕੋਟ ਗੁਰੂ ਅਤੇ ਹੋਰ ਗਾਇਕ ਕਲਾਕਾਰ ਗੀਤ-ਸੰਗੀਤ ਪੇਸ਼ ਕਰਨਗੇ |
ਨਾਟਕਾਂ ਭਰੀ ਰਾਤ ਦਾ ਆਗਾਜ਼ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਤ ਗੁਰਸ਼ਰਨ ਭਾਅ ਜੀ ਦੇ ਨਾਟਕ ‘ਸੀਸ ਤਲੀ ‘ਤੇ’ ਕਰਾਂਤੀਪਾਲ ਦੀ ਨਿਰਦੇਸ਼ਨਾ ‘ਚ ਨਵਚਿੰਤਨ ਕਲਾ ਮੰਚ ਬਿਆਸ ਕਰੇਗਾ | ਕਮਲਾ ਨਹਿਰੂ ਕਾਲਜ ਵੂਮੈਨ ਫਗਵਾੜਾ ਦੀਆਂ ਲੜਕੀਆਂ ਸਫ਼ਦਰ ਹਾਸ਼ਮੀ ਦਾ ਨਾਟਕ ‘ਔਰਤ’ ਖੇਡ ਕੇ ਕੁੜੀਆਂ ਵੱਲੋਂ ਚੱਲ ਰਹੇ ਅੰਦੋਲਨ ਨੂੰ ਸਲਾਮ ਕਰਨਗੀਆਂ | ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗਮੰਚ ਅੰਮਿ੍ਤਸਰ ਡਾ. ਸਵਰਾਜਬੀਰ ਦਾ ਨਾਟਕ ਖੇਡੇਗਾ ‘ਤੂੰ ਬੁੱਲ੍ਹੇ ਵਾਂਗੂੰ ਬੋਲ’ |
ਅਨੀਤਾ ਦੀ ਨਿਰਦੇਸ਼ਨਾ ‘ਚ ਸ਼ਬਦੀਸ਼ ਦੀ ਰਚਨਾ ‘ਖਿੜਦੇ ਰਹਿਣ ਗੁਲਾਬ’ ਸੁਚੇਤਕ ਰੰਗਮੰਚ ਮੁਹਾਲੀ ਅਤੇ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ‘ਅਸੀਂ ਯੁੱਗ ਸਿਰਜਾਂਗੇ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪੇਸ਼ ਕਰੇਗਾ | ਤਿੰਨੇ ਦਿਨ ਪੁਸਤਕ ਪ੍ਰਦਰਸ਼ਨੀ ਰਹੇਗੀ | ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ |





