ਝੋਟਾ ਦੀ ਪਤਨੀ ਐਕਸ਼ਨ ਕਮੇਟੀ ‘ਚ ਸ਼ਾਮਲ

0
9

ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸੋਮਵਾਰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਦੇ ਦੌਰੇ ਦੌਰਾਨ ਜੇ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਉਹ ਇਸ ਨੂੰ ਆਪਣਾ ਨਿੱਜੀ ਅਪਮਾਨ ਸਮਝਣਗੇ | ਉਨ੍ਹਾ ਨੂੰ ਪੂਰਾ ਭਰੋਸਾ ਹੈ ਕਿ ਸ਼ਾਹ ਉਨ੍ਹਾ ਦੇ ਪਰਵਾਰ ਨੂੰ ਇਨਸਾਫ ਦਿਵਾਉਣਗੇ | 72 ਸਾਲਾ ਭੀਮ ਸਿੰਘ ਨੇ ਆਖਿਆ, ”ਮੈਂ ਸਰਹੱਦਾਂ ‘ਤੇ ਦੇਸ਼ ਦੀ ਸੇਵਾ ਕੀਤੀ ਹੈ | ਮੈਂ ਸਾਬਕਾ ਫੌਜੀ ਹਾਂ | ‘ਆਪ’ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਦਾ ਸਵਾਗਤ ਹੈ | ਜੇ ਕੋਈ ਅਮਿਤ ਸ਼ਾਹ ਦਾ ਵਿਰੋਧ ਕਰਦਾ ਹੈ, ਤਾਂ ਇਹ ਮੇਰੀ ਅਤੇ ਝੋਟਾ ਦੀ ਮਿ੍ਤਕ ਦੇਹ ਦੀ ਤੌਹੀਨ ਹੋਵੇਗੀ | ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਵੀ ਸਾਨੂੰ ਮਿਲੇ ਸਨ ਅਤੇ ਉਨ੍ਹਾ ਨੂੰ ਕੋਈ ਵਿਰੋਧ ਨਹੀਂ ਝੱਲਣਾ ਪਿਆ ਸੀ |”
ਉਨ੍ਹਾ ਉਮੀਦ ਜਤਾਈ ਕਿ ਅਮਿਤ ਸ਼ਾਹ ਦੀ ਦਖਲਅੰਦਾਜ਼ੀ ਨਾਲ ਉਨ੍ਹਾ ਨੂੰ ਜਲਦੀ ਇਨਸਾਫ਼ ਮਿਲੇਗਾ | ਉਨ੍ਹਾਂ ਨਾਲ ਹੀ ਸੀ ਬੀ ਆਈ ਜਾਂਚ ਦੀ ਮੰਗ ਦੁਹਰਾਉਂਦਿਆਂ ਦੋਸ਼ ਲਾਇਆ ਕਿ ਜੇ ਅਜਿਹਾ ਨਾ ਹੋਇਆ ਤਾਂ ਪੁਲਸ ਸਬੂਤ ਨਸ਼ਟ ਕਰ ਦੇਵੇਗੀ | ਭੀਮ ਸਿੰਘ ਨੇ ਦੱਸਿਆ ਕਿ ਉਨ੍ਹਾ ਨੇ ਆਪਣੇ ਪਰਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਫੈਸਲਾ ਕੀਤਾ ਹੈ ਕਿ ਹੁਣ ਪਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਵੇਗੀ | ਉਨ੍ਹਾ ਕਿਹਾ ਕਿ ਉਹ ਖੁਦ ਪਿਛਲੀਆਂ ਦੋ-ਤਿੰਨ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਇਸ ਲਈ ਉਨ੍ਹਾ ਨੂੰ ਨਹੀਂ ਪਤਾ ਕਿ ਉੱਥੇ ਕੀ ਕੁਝ ਹੋਇਆ ਹੈ | ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਨੇ ਪਹਿਲਾਂ ਅਮਿਤ ਸ਼ਾਹ ਦੇ ਦੌਰੇ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਅਤੇ ਪਰਵਾਰ ਨੂੰ ਵੀ ਨਾ ਮਿਲਣ ਦੀ ਅਪੀਲ ਕੀਤੀ ਸੀ | ਦੂਜੇ ਪਾਸੇ, ਝੋਟਾ ਵਿਰੁੱਧ ਪੁਰਾਣੇ ਕੇਸਾਂ ਦੀ ਸੁਣਵਾਈ ਸੰਬੰਧੀ ਭੀਮ ਸਿੰਘ ਨੇ ਅਦਾਲਤ ਨੂੰ ਫਾਸਟ-ਟਰੈਕ ਆਧਾਰ ‘ਤੇ ਇਨਸਾਫ ਦੇਣ ਦੀ ਅਪੀਲ ਕੀਤੀ ਹੈ | ਸਰਕਾਰ ਨੇ ਝੋਟਾ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨਾਲ ਗੱਲਬਾਤ ਲਈ ਤਿੰਨ ਮਹਿਲਾ ਆਈ ਏ ਐੱਸ ਅਧਿਕਾਰੀਆਂ ਨੂੰ ਉਤਾਰਿਆ ਹੈ | ਇਨ੍ਹਾਂ ਅਧਿਕਾਰੀਆਂ ਵਿੱਚ ਫਰੀਦਕੋਟ ਰੇਂਜ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਅਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ | ਅਪਨੀਤ ਰਿਆਤ ਕਾਂਗਰਸ ਸਰਕਾਰ ਸਮੇਂ ਮਾਨਸਾ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਤੇ ਉਨ੍ਹਾ ਦਾ ਸਹੁਰਾ ਪਰਵਾਰ ਮਾਨਸਾ ਦੇ ਪਿੰਡ ਦਾਤੇਵਾਸ ‘ਚ ਹੈ |