ਸਿਪਾਹੀ ਨੇ ਪਰਵਾਰ ‘ਤੇ ਗੋਲੀਆਂ ਚਲਾ ਕੇ ਖੁਦ ਨੂੰ ਵੀ ਮਾਰੀ

0
12

ਮਾਨਸਾ (ਰੀਤਵਾਲ)-ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਗੰਨਮੈਨ ਗੁਰਵਿੰਦਰ ਸਿੰਘ ਨੇ ਮੰਗਲਵਾਰ ਆਪਣੇ ਪਰਵਾਰ ਉੱਪਰ ਗੋਲੀਆਂ ਚਲਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ | ਸਿਪਾਹੀ ਗੁਰਵਿੰਦਰ ਸਿੰਘ, ਪਤਨੀ ਅਤੇ ਦੋ ਬੇਟਿਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ | ਗੁਰਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਜੋਤ (17) ਦੀ ਮੌਤ ਹੋ ਗਈ | ਡਾਕਟਰਾਂ ਵੱਲੋਂ ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਇੱਕ ਪੁੱਤਰ ਦਿਲਸ਼ਾਨ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ | ਗੁਰਵਿੰਦਰ ਸਿੰਘ ਦੋ ਦਿਨਾਂ ਤੋਂ ਛੁੱਟੀ ‘ਤੇ ਸੀ | ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਘਟਨਾ ਪਰਵਾਰਕ ਵਿਵਾਦ ਦਾ ਨਤੀਜਾ ਹੈ | ਗੁਆਂਢ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਹਰਪ੍ਰੀਤ ਕੌਰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਘਰ ਦੇ ਬਾਹਰ ਪਈ ਸੀ ਅਤੇ ਬਚਾਉਣ ਦੀ ਬੇਨਤੀ ਕਰ ਰਹੀ ਸੀ |
ਪੰਜਾਬ ਤੇ ਹਰਿਆਣਾ ‘ਚ 24-25 ਨੂੰ ਮੀਂਹ ਦੀ ਸੰਭਾਵਨਾ
ਚੰਡੀਗੜ੍ਹ : ਮੌਸਮ ਵਿਭਾਗ ਨੇ ਇਸ ਹਫ਼ਤੇ ਦੇ ਆਖਰ ‘ਚ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ‘ਤੇ ਦੋ ਦਿਨਾ ਮੀਂਹ ਦੇ ਦੌਰ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਇਸ ਖੇਤਰ ਵਿੱਚ ਲਗਭਗ 10 ਦਿਨਾਂ ਤੋਂ ਚੱਲ ਰਹੇ ਖੁਸ਼ਕ ਮੌਸਮ ਬਦਲਣ ਦੀ ਉਮੀਦ ਹੈ | ਭਾਰਤੀ ਮੌਸਮ ਵਿਭਾਗ ਵੱਲੋਂ 20 ਅਕਤੂਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ, ਹਾਲਾਂ ਕਿ ਇਸ ਖੇਤਰ ਵਿੱਚ ਆਮ ਤੌਰ ‘ਤੇ ਖੁਸ਼ਕ ਹਵਾ ਚੱਲ ਰਹੀ ਹੈ ਪਰ 24 ਅਤੇ 25 ਅਕਤੂਬਰ ਨੂੰ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਦੱਖਣ-ਪੱਛਮੀ ਪੰਜਾਬ ਦੇ ਕੁਝ ਜ਼ਿਲਿ੍ਹਆਂ ਅਤੇ ਪੱਛਮੀ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਇਸ ਸਮੇਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ |