ਵੱਡਾ ਅਫਸਰ ਰਾਡਾਰ ‘ਤੇ

0
15

ਚੰਡੀਗੜ੍ਹ : ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ ਆਈ ਏ ਐੱਸ ਅਧਿਕਾਰੀ ਨਿਰਮਲ ਉਸੇਪਚਨ ਵੀ ਸੀ ਬੀ ਆਈ ਜਾਂਚ ਦੀ ਲਪੇਟ ਵਿੱਚ ਆ ਸਕਦੇ ਹਨ | ਉਨ੍ਹਾ ਮਾਨਸਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਦੀ ਹੈਸੀਅਤ ‘ਚ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਲਾਇਸੈਂਸ ਜਾਰੀ ਕੀਤਾ ਸੀ | ਹਾਲਾਂਕਿ ਮੁਲਜ਼ਮ ‘ਤੇ ਪੰਜ ਪੁਲਸ ਕੇਸ ਦਰਜ ਸਨ, ਜਿਨ੍ਹਾਂ ਦੀ ਅਣਦੇਖੀ ਕਰਕੇ ਅਸਲਾ ਲਾਇਸੈਂਸ ਜਾਰੀ ਕੀਤਾ ਗਿਆ | ਉਸੇਪਚਨ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਦੇ ਓ ਐੱਸ ਡੀ (ਵਾਧੂ ਚਾਰਜ) ਹਨ | ਅਗਰ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਸੀ ਬੀ ਆਈ ਜਾਂਚ ਸ਼ੁਰੂ ਹੁੰਦੀ ਹੈ ਤਾਂ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਜਾਰੀ ਅਸਲਾ ਲਾਇਸੈਂਸ ਦੀ ਜਾਂਚ ਹੋਣ ਦੀ ਵੀ ਸੰਭਾਵਨਾ ਹੈ |
ਐਕਸ਼ਨ ਕਮੇਟੀ ਪਹਿਲਾਂ ਹੀ ਆਖ ਚੁੱਕੀ ਹੈ ਕਿ ਅਧਿਕਾਰੀ ‘ਤੇ ਦਬਾਅ ਬਣਾ ਕੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਾਇਆ ਗਿਆ ਸੀ | ਐਕਸ਼ਨ ਕਮੇਟੀ ਦੇ ਆਗੂ ਲਾਇਸੈਂਸ ਦੀ ਸਿਫਾਰਸ਼ ਕਰਨ ਵਾਲੇ ਸਿਆਸੀ ਆਗੂ ਦਾ ਪਤਾ ਲਾਉਣ ਦੀ ਮੰਗ ਕਰ ਰਹੇ ਹਨ |
ਇਸ ਆਈ ਏ ਐੱਸ ਅਧਿਕਾਰੀ ਦੇ ਕੇਰਲਾ ‘ਚ ਜਨਵਰੀ 2026 ‘ਚ ਹੋਏ ਵਿਆਹ ‘ਚ ਹਲਕਾ ਜੈਤੋ ਅਤੇ ਮਾਨਸਾ ਦੇ ‘ਆਪ’ ਦੇ ਦੋ ਜ਼ਿਲ੍ਹਾ ਪੱਧਰ ਦੇ ਆਗੂ ਸ਼ਾਮਲ ਹੋਏ ਦੱਸੇ ਜਾਂਦੇ ਹਨ | ਅਮੋਲਕ ਸਿੰਘ ਦਾ ਕਹਿਣਾ ਹੈ ਕਿ ਅਧਿਕਾਰੀ ਜੈਤੋ ਦੇ ਐੱਸ ਡੀ ਐੱਮ ਰਹਿ ਚੁੱਕੇ ਹਨ ਅਤੇ ਉਹ ਪੁਰਾਣੇ ਸੰਬੰਧਾਂ ਕਾਰਨ ਹੀ ਵਿਆਹ ‘ਚ ਸ਼ਾਮਲ ਹੋਏ ਸਨ | ਉਹ ਕੇਰਲਾ ਦਾ ਕਲਚਰ ਵੀ ਦੇਖਣਾ ਚਾਹੁੰਦੇ ਸਨ |