ਬਾਕੀ ਵੀ ਦੋ ਮਾਮਲੇ ਸੀ ਬੀ ਆਈ ਹਵਾਲੇ ਕੀਤੇ ਜਾਣ : ਸ਼ਾਹ

0
8

ਮਾਨਸਾ/ਸੁਨਾਮ
(ਆਤਮਾ ਸਿੰਘ ਪਮਾਰ/
ਅਸ਼ੋਕ ਬਾਂਸਲ, ਹਾਕਮ ਭੱਟੀ)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਨਸ਼ਿਆਂ ਨਾਲ ਜੁੜੇ ਬਾਕੀ ਦੋ ਮਾਮਲੇ ਵੀ ਸੀ ਬੀ ਆਈ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ | ਉਨ੍ਹਾ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਪੀ ਆਈ ਟੀ ਐੱਨ ਡੀ ਪੀ ਐੱਸ ਕਾਨੂੰਨ ਤਹਿਤ ਹੁਣ ਤੱਕ ਇੱਕ ਵੀ ਕੇਸ ਦਰਜ ਕਿਉਂ ਨਹੀਂ ਕੀਤਾ | ਇਸ ਕਾਨੂੰਨ ਤਹਿਤ ਜ਼ਮਾਨਤ ਮਿਲਣੀ ਬੇਹੱਦ ਮੁਸ਼ਕਲ ਹੈ, ਇਸ ਲਈ ਸਰਕਾਰ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ |
ਲੁਧਿਆਣਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਸ਼ਿਆਂ ਦਾ ਕਾਰੋਬਾਰ ਚੱਲਣਾ ਸੰਭਵ ਨਹੀਂ | ਸੂਬੇ ਵਿੱਚ ਨਸ਼ਿਆਂ ਦਾ ਜਾਲ ਫੈਲਿਆ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੀ ਲੋੜ ਹੈ | ਸ਼ਾਹ ਨੇ ਕਿਹਾ ਕਿ ਪੰਜਾਬ ਪੁਲਸ ਦੇ ਆਪਣੇ ਮੁਲਾਜ਼ਮ ਵੀ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ ਫੜੇ ਜਾ ਰਹੇ ਹਨ | ਉਨ੍ਹਾ ਦਾ ਕਹਿਣਾ ਸੀ ਕਿ ਜਦੋਂ ਪੁਲਸ ਦੇ ਮੁਲਾਜ਼ਮ ਹੀ ਅਜਿਹੇ ਮਾਮਲਿਆਂ ਵਿੱਚ ਸਾਹਮਣੇ ਆ ਰਹੇ ਹਨ ਤਾਂ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ |
ਸ਼ਾਹ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਜਾਂ ਤਾਂ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ | ਸ਼ਾਹ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਵਾਉਣ ਆਏ ਹਨ | ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਸੂਬੇ ਵਿੱਚੋਂ ਨਸ਼ਿਆਂ ਦਾ ਕਾਰੋਬਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ |
ਉਹਨਾ ਆਪਣੇ ਪੰਜਾਬ ਦੌਰੇ ਬਾਰੇ ਕਿਹਾ ਕਿ ਉਹ ਦੁੱਖ ਝੱਲ ਰਹੇ ਪਰਵਾਰਾਂ ਨੂੰ ਦਿਲਾਸਾ ਦੇਣ ਲਈ ਆਏ ਸਨ ਅਤੇ ਉਨ੍ਹਾ ਦਾ ਕੋਈ ਸਿਆਸੀ ਮਨੋਰਥ ਨਹੀਂ ਸੀ | ਨਸ਼ਿਆਂ ਦੀ ਲਾਹਨਤ ਕਾਰਨ ਕਿਸੇ ਦੇ ਪੁੱਤਰ, ਕਿਸੇ ਦੇ ਭਰਾ ਅਤੇ ਕਿਸੇ ਦੇ ਪਤੀ ਦੀ ਮੌਤ ਹੋਈ ਹੈ | ਉਨ੍ਹਾ ਸਵਾਲ ਕੀਤਾ ਕਿ ਦੁੱਖ ਵਿੱਚ ਡੁੱਬੇ ਇਨ੍ਹਾਂ ਪਰਵਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਜਵਾਬ ਦੇਵੇਗੀ |
ਉਨ੍ਹਾ ਪੰਜਾਬ ਦੇ ਲੋਕਾਂ ਨੂੰ ਮੁੜ ਭਰੋਸਾ ਦਿਵਾਇਆ ਕਿ 31 ਦਸੰਬਰ 2029 ਤੱਕ ਸੂਬੇ ਵਿੱਚੋਂ ਨਸ਼ਿਆਂ ਦਾ ਕਾਰੋਬਾਰ ਖਤਮ ਕਰ ਦਿੱਤਾ ਜਾਵੇਗਾ | ਨਸ਼ਿਆਂ ਵਿਰੁੱਧ ਲੜਾਈ ਵਿੱਚ ਸਖਤ ਕਦਮ ਚੁੱਕਣ ਦੀ ਲੋੜ ਹੈ |
ਸ਼ਾਹ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਹੈ | ਨਸ਼ਿਆਂ ਦਾ ਕਾਰੋਬਾਰ ਰੁਕਣ ਦੀ ਬਜਾਏ ਲਗਾਤਾਰ ਫੈਲ ਰਿਹਾ ਹੈ | ਸ਼ਾਹ ਨੇ ਮਾਨਸਾ ‘ਚ ਪਰਵਿੰਦਰ ਸਿੰਘ ਝੋਟਾ ਦੇ ਪਰਵਾਰ ਨਾਲ ਮੁਲਾਕਾਤ ਦੌਰਾਨ ਇਨਸਾਫ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੀ ਬੀ ਆਈ ਦੇ ਅਧਿਕਾਰੀ ਭਲਕੇ ਹੀ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਜਾਣਗੇ | ਸ਼ਾਹ 3:26 ਵਜੇ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਬੁਲੇਟਪਰੂਫ ਗੱਡੀ ਵਿੱਚ ਪਹੁੰਚੇ ਅਤੇ 3:46 ਵਜੇ ਪਰਤ ਗਏ | ਗੱਲਬਾਤ ਦੌਰਾਨ ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ | ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਸ਼ਾਹ ਨੇ ਝੋਟਾ ਦੇ ਪਰਵਾਰ ਨੂੰ ਭਰੋਸਾ ਦਿਵਾਇਆ ਕਿ ਕਤਲ ਕਾਂਡ ਦੀ ਸੀ ਬੀ ਆਈ ਜਾਂਚ ਬੁੱਧਵਾਰ ਦੁਪਹਿਰ ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਨੂੰ 120 ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ |
ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਉਨ੍ਹਾ ਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਹੈ ਅਤੇ ਉਨ੍ਹਾ ਸਾਰਿਆਂ ਨੂੰ 24 ਘੰਟੇ ਉਡੀਕ ਕਰਨ ਲਈ ਕਿਹਾ | ਪਰਵਾਰ ਨੇ ਮੀਡੀਆ ਨਾਲ ਬਹੁਤੀ ਵਿਸਥਾਰਤ ਗੱਲਬਾਤ ਕਰਨ ਤੋਂ ਪਰਹੇਜ਼ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਨ |
ਸ਼ਾਹ ਨੇ ਪਿੰਡ ਤੂਰ ‘ਚ ਗੁਲਜ਼ਾਰ ਸਿੰਘ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਤੇ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ¢ਪਰਵਾਰ ਨੇ ਗੁਲਜ਼ਾਰ ਸਿੰਘ ਦੀ ਮÏਤ ਨਾਲ ਜੁੜੇ ਸਾਰੇ ਹਾਲਾਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ¢ ਇਸ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ¢ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਮਾੜੀ ਪੰਨੂਆਂ ਪਹੁੰਚ ਕੇ ਬਿਕਰਮਜੀਤ ਸਿੰਘ ਦੇ ਪਰਵਾਰ ਨਾਲ ਮੁਲਾਕਾਤ ਕੀਤੀ¢