ਸ਼ਾਹ ਨੂੰ ਸ਼ਹੀਦ ਕਿਸਾਨਾਂ ਦੇ ਪਰਵਾਰ ਕਦੇ ਚੇਤੇ ਨਹੀਂ ਆਏ : ਮਾਨ

0
7

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ)
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਕਰਨ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਐੱਕਸ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਝੋਟਾ ਦੇ ਪਿਤਾ ਅਤੇ ਪਰਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ | ਉਨ੍ਹਾ ਦੱਸਿਆ ਕਿ ਇਹ ਕੇਸ ਸੀ ਬੀ ਆਈ ਨੂੰ ਸੌਂਪਣ ਦਾ ਫੈਸਲਾ ਪੀੜਤ ਪਰਵਾਰ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ |
ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ‘ਤੇ ਸਵਾਲ ਚੁੱਕਦਿਆਂ ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ ਹੈ | ਉਨ੍ਹਾ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਵਿੱਚ ਗੈਂਗਸਟਰ ਤੇ ਨਸ਼ਾ ਵਧ-ਫੁੱਲ ਰਿਹਾ ਹੈ ਅਤੇ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣ ਗਿਆ ਹੈ | ਉਨ੍ਹਾ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਜਦੋਂ ਦਿੱਲੀ ਅੰਦੋਲਨ ਵਿੱਚ ਪੰਜਾਬ ਦੇ 700 ਕਿਸਾਨ ਸ਼ਹੀਦ ਹੋ ਗਏ ਸਨ ਤਾਂ ਉਸ ਵੇਲੇ ਅਮਿਤ ਸ਼ਾਹ ਉਨ੍ਹਾਂ ਪਰਵਾਰਾਂ ਨਾਲ ਦੁੱਖ ਵੰਡਾਉਣ ਕਿਉਂ ਨਹੀਂ ਆਏ ਸਨ | ਉਨ੍ਹਾ ਕਿਹਾ ਕਿ ਭਾਜਪਾ ਚੋਣਾਂ ਕਰਕੇ ਹੁਣ ਹੋਛੀ ਸਿਆਸਤ ‘ਤੇ ਉੱਤਰ ਆਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੋ ਭਾਜਪਾ ਹੁਣ ਪੰਜਾਬ ਦੇ ਫਿਕਰ ਦਾ ਢੌਂਗ ਕਰ ਰਹੀ ਹੈ, ਉਸ ਨੂੰ ਉਦੋਂ ਤਾਂ ਪੰਜਾਬ ਦੀ ਚਿੰਤਾ ਨਹੀਂ ਹੋਈ, ਜਦੋਂ ਪੰਜਾਬ ਦੇ ਹੱਕਾਂ ‘ਤੇ ਡਾਕੇ ਮਾਰੇ ਗਏ | ਉਨ੍ਹਾ ਬੀ ਬੀ ਐੱਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਵਿੱਚ ਕਟੌਤੀ, ਚੰਡੀਗੜ੍ਹ ਸੈਨੇਟ ਵਿੱਚ ਕੱਟ ਅਤੇ ਪਾਣੀਆਂ ਦੇ ਹੱਕ ਦੀ ਅਣਦੇਖੀ ਦੀ ਮਿਸਾਲ ਦਿੱਤੀ | ਮੁੱਖ ਮੰਤਰੀ ਨੇ ਐੱਨ ਡੀ ਪੀ ਐੱਸ ਕਾਨੂੰਨ ਨੂੰ ਸਖਤ ਕੀਤੇ ਜਾਣ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੰਜਾਬ ਨੂੰ ਇਮੋਸ਼ਨਲ ਬਲੈਕਮੇਲ ਕਰਨ ਵਿੱਚ ਜੁਟੇ ਹਨ, ਪਰ ਪੰਜਾਬੀ ਭਾਜਪਾ ਦੀ ਧੱਕੇਸ਼ਾਹੀ ਨੂੰ ਭੁੱਲੇ ਨਹੀਂ |