ਮੋਦੀ-ਸ਼ਾਹ ਦੀ ਹਾਬੜ

0
392

ਇਨ੍ਹੀਂ ਦਿਨੀਂ ਮਹਾਰਾਸ਼ਟਰ ਅੰਦਰ ਲੋਕਤੰਤਰ ਦਾ ਜਨਾਜ਼ਾ ਸ਼ਾਨ ਨਾਲ ਨਿਕਲ ਰਿਹਾ ਹੈ। ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੋਫਾੜ ਹੋ ਚੁੱਕੀ ਹੈ। ਇਸ ਦੇਸ਼ ਵਿੱਚ ਇਹ ਡਰਾਮਾ ਪਹਿਲੀ ਵਾਰ ਨਹੀਂ ਖੇਡਿਆ ਜਾ ਰਿਹਾ। ਜਦੋਂ ਤੋਂ ਮੋਦੀ-ਸ਼ਾਹ ਦੀ ਜੋੜੀ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋਈ ਹੈ, ਆਏ ਦਿਨ ਕਿਸੇ ਨਾ ਕਿਸੇ ਰਾਜ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਇਹੋ ਵਰਤਾਰਾ ਚਲਦਾ ਆ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਕੁਰੱਪਟ ਆਗੂਆਂ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਈ ਡੀ ਤੇ ਸੀ ਬੀ ਆਈ ਵਰਗੀਆਂ ਕੇਂਦਰੀ ਏਜੰਸੀਆਂ ਅਜਿਹੇ ਕੁਰੱਪਟ ਆਗੂਆਂ ਨੂੰ ਲੱਭਣ ਦਾ ਕੰਮ ਕਰਦੀਆਂ ਹਨ, ਤੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਇਨ੍ਹਾਂ ਨੂੰ ਧੋ-ਸੁਆਰ ਕੇ ਦੁੱਧ-ਚਿੱਟੇ ਅੰਗ ਵਸਤਰ ਬਣਾ ਦਿੰਦੀ ਹੈ। ਆਸਾਮ, ਮੱਧ ਪ੍ਰਦੇਸ਼, ਕਰਨਾਟਕ, ਗੋਆ ਤੇ ਪੱਛਮੀ ਬੰਗਾਲ ਵਿੱਚ ਵੀ ਇਹੋ ਕੁਝ ਹੋ ਚੁੱਕਾ ਹੈ। ਹਰ ਨਾਟਕ ਦੀ ਪਟਕਥਾ ਦਿੱਲੀ ਵਿੱਚ ਲਿਖੀ ਜਾਂਦੀ ਹੈ।
ਕਰਨਾਟਕ ਵਿੱਚ ਹੋਈ ਹਾਰ ਤੇ ਵਿਰੋਧੀ ਪਾਰਟੀਆਂ ਦੀ ਪਟਨਾ ਵਿੱਚ ਹੋਈ ਸਫ਼ਲ ਮੀਟਿੰਗ ਨੇ ਮੋਦੀ-ਸ਼ਾਹ ਨੂੰ ਕੰਬਣੀ ਛੇੜ ਦਿੱਤੀ ਹੈ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਰਾਜਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ ਤੇ ਕਰਨਾਟਕ ਦੀਆਂ 238 ਲੋਕ ਸਭਾ ਸੀਟਾਂ ਵਿੱਚੋਂ 145 ਜਿੱਤੀਆਂ ਸਨ। ਮਹਾਰਾਸ਼ਟਰ ਵਿੱਚ ਉਸ ਨੇ ਸ਼ਿਵ ਸੈਨਾ ਤੇ ਬਿਹਾਰ ਵਿੱਚ ਨਿਤੀਸ਼ ਕੁਮਾਰ ਨਾਲ ਰਲ ਕੇ ਚੋਣਾਂ ਲੜੀਆਂ ਸਨ। ਹੁਣ ਠਾਕਰੇ ਦੀ ਸ਼ਿਵ ਸੈਨਾ ਤੇ ਨਿਤੀਸ਼ ਕੁਮਾਰ ਵਿਰੋਧੀ ਧਿਰਾਂ ਨਾਲ ਹਨ। ਵਿਰੋਧੀ ਪਾਰਟੀਆਂ ਦੀ ਏਕਤਾ ਪਿੱਛੋਂ ਭਾਜਪਾ ਲਈ ਯੂ ਪੀ ਤੇ ਪੱਛਮੀ ਬੰਗਾਲ ਵਿੱਚ 2019 ਵਾਲੀ ਸਥਿਤੀ ਕਾਇਮ ਰੱਖਣੀ ਸੰਭਵ ਨਹੀਂ ਹੈ। ਕਰਨਾਟਕ ਵਿੱਚ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ, ਪਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਉਸ ਦੀ ਹਾਲਤ ਪਾਣੀ ਤੋਂ ਪਤਲੀ ਕਰ ਦਿੱਤੀ ਹੈ। 2019 ਦੀਆਂ ਚੋਣਾਂ ਇੱਕ ਵਿਸ਼ੇਸ਼ ਹਾਲਤ ਵਿੱਚ ਹੋਈਆਂ ਸਨ। ਪੁਲਵਾਮਾ ਤੋਂ ਬਾਅਦ ਏਅਰ ਸਟ੍ਰਾਈਕ ਨੇ ਲੋਕਾਂ ਨੂੰ ਅਜਿਹਾ ਮਦਹੋਸ਼ ਕੀਤਾ ਸੀ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਹਰਿਆਣਾ ਤੇ ਹਿਮਾਚਲ ਦੀਆਂ 126 ਸੀਟਾਂ ਵਿੱਚੋਂ ਭਾਜਪਾ ਨੂੰ 119 ਜਿਤਾ ਦਿੱਤੀਆਂ ਸਨ। ਇਨ੍ਹਾਂ ਕੁੱਲ 364 ਸੀਟਾਂ ਵਿੱਚੋਂ ਜੇ ਵਿਰੋਧੀ ਗੱਠਜੋੜ ਅੱਧੋਂ-ਘੱਟ ਕਰਨ ਵਿੱਚ ਵੀ ਕਾਮਯਾਬ ਹੋ ਗਿਆ ਤਾਂ ਭਾਜਪਾ ਮਸਾਂ 200 ਤੱਕ ਹੀ ਪੁੱਜ ਸਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹੋ ਡਰ ਸਤਾ ਰਿਹਾ ਹੈ, ਜਿਸ ਕਾਰਨ ਵਿਦੇਸ਼ੀ ਫੇਰੀ ਤੋਂ ਵਾਪਸ ਆਉਂਦਿਆਂ ਹੀ ਉਨ੍ਹਾ ਨੇ ਭੋਪਾਲ ਜਾ ਕੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਘੁਟਾਲੇ ਗਿਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾ ਦਾ ਨਿਸ਼ਾਨਾ ਮਹਾਰਾਸ਼ਟਰ ਸੀ। ਉਨ੍ਹਾ ਐਨ ਸੀ ਪੀ ਆਗੂਆਂ ਉੱਤੇ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲਿਆਂ ਦਾ ਦੋਸ਼ ਲਾ ਕੇ, ਸਹਿਕਾਰੀ ਬੈਂਕ ਘੁਟਾਲਾ, ਸਿੰਚਾਈ ਘੁਟਾਲਾ ਤੇ ਖਾਣਾਂ ਘੁਟਾਲਾ ਦਾ ਨਾਂਅ ਲੈ ਕੇ ਸਭ ਕੁਰੱਪਟਾਂ ਨੂੰ ਇਸ਼ਾਰਾ ਕਰ ਦਿੱਤਾ ਕਿ ਜੇਲ੍ਹ ਜਾਂ ਭਾਜਪਾ ਵਿੱਚੋਂ ਇੱਕ ਚੁਣ ਲਓ। ਪ੍ਰਧਾਨ ਮੰਤਰੀ ਦੇ ਇਸ ‘ਸੁਨੇਹੇ’ ਤੋਂ ਦੋ ਦਿਨ ਬਾਅਦ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਦਿੱਲੀ ਵਿੱਚ ਜਾ ਕੇ ਅਮਿਤ ਸ਼ਾਹ ਦੇ ਚਰਨੀਂ ਜਾ ਲੱਗੇ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2 ਜੁਲਾਈ ਨੂੰ ਜੋ ਹੋਇਆ, ਉਹ ਸਾਰੇ ਦੇਸ਼ ਨੇ ਦੇਖਿਆ ਹੈ। ਅਜੀਤ ਪਵਾਰ ਤੇ ਛਗਨ ਭੁਜਬਲ ਸਮੇਤ ਜਿਹੜੇ ਦਲਬਦਲੂ ਮੰਤਰੀ ਬਣਾਏ ਗਏ ਹਨ, ਉਹ ਉਕਤ ਘੁਟਾਲਿਆਂ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸਪੱਸ਼ਟ ਹੈ ਕਿ ਹੁਣ ਜਾਂਚ ਏਜੰਸੀਆਂ ਕੇਸ ਬੰਦ ਕਰ ਦੇਣਗੀਆਂ।
ਮਹਾਰਾਸ਼ਟਰ ਵਿੱਚ ਐੱਨ ਸੀ ਪੀ ਤੋਂ ਪਹਿਲਾਂ ਭਾਜਪਾ ਸ਼ਿਵ ਸੈਨਾ ਨੂੰ ਤੋੜ ਚੁੱਕੀ ਹੈ। ਪਰ ਸਵਾਲ ਇਹ ਹੈ ਕਿ ਲੋਕਤੰਤਰ ਨਾਲ ਖਿਲਵਾੜ ਕਰਕੇ ਕੀ ਮੋਦੀ-ਸ਼ਾਹ ਜੋੜੀ ਮੁੜ ਸੱਤਾ ਵਿੱਚ ਆ ਸਕੇਗੀ। ਸ਼ਿਵ ਸੈਨਾ ਦੇ ਵਿਧਾਇਕ ਟੁੱਟ ਜਾਣ ਦੇ ਬਾਵਜੂਦ ਊਧਵ ਠਾਕਰੇ ਧੜੇ ਦੀ ਜਥੇਬੰਦੀ ਉੱਤੇ ਪੂਰੀ ਪਕੜ ਹੈ। ਇਹ ਸਥਿਤੀ ਅਜੀਤ ਪਵਾਰ ਗੁੱਟ ਦੇ ਚਲੇ ਜਾਣ ਬਾਅਦ ਸ਼ਰਦ ਪਵਾਰ ਧੜੇ ਦੀ ਹੈ। ਅੱਜ ਵੀ ਮਹਾਰਾਸ਼ਟਰ ਵਿੱਚ ਕਾਂਗਰਸ, ਐੱਨ ਸੀ ਪੀ ਤੇ ਸ਼ਿਵ ਸੈਨਾ (ਠਾਕਰੇ) ਦੇ ਗੱਠਜੋੜ ਦਾ ਪੂਰਾ ਦਬਦਬਾ ਹੈ। ਦੂਜੀਆਂ ਪਾਰਟੀਆਂ ਵਿੱਚ ਭੰਨ-ਤੋੜ ਕਰਨ ਨਾਲ ਭਾਜਪਾ ਨੂੰ ਵਕਤੀ ਲਾਭ ਤਾਂ ਮਿਲ ਸਕਦਾ ਹੈ, ਪਰ ਉਸ ਨੂੰ ਇਸ ਦਾ ਲੋਕ ਸਭਾ ਚੋਣਾਂ ਵਿੱਚ ਫਾਇਦਾ ਮਿਲਣਾ ਮੁਸ਼ਕਲ ਹੈ।
ਅਸਲ ਵਿੱਚ ਭਿ੍ਰਸ਼ਟਾਚਾਰ-ਮੁਕਤ ਭਾਰਤ ਦਾ ਨਾਅਰਾ ਦੇਣ ਵਾਲੀ ਭਾਜਪਾ ਨੇ ਦੂਜੀਆਂ ਪਾਰਟੀਆਂ ਦੇ ਭਿ੍ਰਸ਼ਟਾਚਾਰੀਆਂ ਨੂੰ ਚੁਣ-ਚੁਣ ਕੇ ਭਾਜਪਾ ਵਿੱਚ ਸ਼ਾਮਲ ਹੀ ਨਹੀਂ ਕੀਤਾ, ਉਨ੍ਹਾਂ ਨੂੰ ਮੰਤਰੀਆਂ ਤੱਕ ਦੇ ਅਹੁਦੇ ਪਰੋਸੇ ਹਨ। ਇਸ ਸਮੇਂ ਜਨਤਾ ਵਿੱਚ ਭਾਜਪਾ ਦੀ ਛਵੀ ਇੱਕ ਭਿ੍ਰਸ਼ਟ ਪਾਰਟੀ ਦੇ ਤੌਰ ’ਤੇ ਬਣ ਚੁੱਕੀ ਹੈ। ਮੱਧ ਵਰਗ ਵਿੱਚ ਇਹ ਵਿਚਾਰ ਹਾਵੀ ਹੋ ਚੁੱਕਾ ਹੈ ਕਿ ਭਾਜਪਾ ਸੱਤਾ ਵਿੱਚ ਰਹਿਣ ਲਈ ਕੋਈ ਵੀ ਕੁਕਰਮ ਕਰ ਸਕਦੀ ਹੈ। ਸਵਾਲ ਇਹ ਹੈ ਕਿ ਭਾਜਪਾ ਲਈ ਸਾਲਾਂਬੱਧੀ ਪਸੀਨਾ ਵਹਾਉਣ ਵਾਲੇ ਕਾਰਕੰੁਨ ਦੂਜੀਆਂ ਪਾਰਟੀਆਂ ’ਚੋਂ ਆਏ ਦਾਗੀਆਂ ਨੂੰ ਟਿਕਟ ਦਿੱਤੇ ਜਾਣ ਨੂੰ ਬਰਦਾਸ਼ਤ ਕਰ ਲੈਣਗੇ? ਸਮਾਂ ਜਲਦੀ ਹੀ ਆਵੇਗਾ, ਜਦੋਂ ਇਹ ਮੌਕਾਪ੍ਰਸਤ ਸਿਆਸਤਦਾਨ ਭਾਜਪਾ ਦੀ ਹੀ ਬੇੜੀ ਦੇ ਵੱਟੇ ਸਾਬਤ ਹੋਣਗੇ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here